ਪੰਜਾਬੀ

ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਕਰਵਾਇਆ ‘ਮੁਸ਼ਾਇਰਾ’

Published

on

ਲੁਧਿਆਣਾ : ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਮਨਾਉਂਦਿਆਂ ਕਾਲਜ ਵਿਦਿਆਰਥੀਆਂ ਅਤੇ ਪ੍ਰਾ-ਅਧਿਆਪਕਾਂ ਦੁਆਰਾ ਲਿਖੀਆਂ ਕਵਿਤਾਵਾਂ ਦੀ ਪੇਸ਼ਕਾਰੀ ਨਾਲ ਸੰਬੰਧਤ ‘ਮੁਸ਼ਾਇਰਾ’ ਕਰਵਾਇਆ ਗਿਆ। ਇਸ ਮੁਸ਼ਾਇਰੇ ਦੇ ਆਰੰਭ ਵਿਚ ਬਹੁ-ਗਿਣਤੀ ਸਰੋਤਿਆਂ ਨੇ ਸਭ ਤੋਂ ਪਹਿਲਾਂ ਸ਼ਰਧਾ ਪੂਰਵਕ ਕਾਲਜ-ਸ਼ਬਦ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਨੂੰ ਸਰਵਣ ਕੀਤਾ।

ਕਾਵਿਕ ਮਾਹੌਲ ਵਿਚ ਸਜਾਏ ਗਏ ਨਿਹੰਗ ਸ਼ਮਸ਼ੇਰ ਸਿੰਘ ਹਾਲ ਵਿਚ ਇਸ ਮੁਸ਼ਾਇਰੇ ਦਾ ਆਰੰਭ ਕਰਦਿਆਂ ਵਿਭਾਗ ਮੁਖੀ ਡਾ. ਗੁਰਮੀਤ ਸਿੰਘ ਹੁੰਦਲ ਨੇ ਸਾਰੇ ਸਰੋਤਿਆਂ ਨੂੰ ‘ਜੀ ਆਇਆਂ ਨੂੰ’ ਆਖਿਆ। ਕਾਲਜ ਵਿਦਿਆਰਥਣ ਅੰਮ੍ਰਿਤਰਾਜ ਕੌਰ ਨੇ ਮਾ-ਬੋਲੀ ਦਿਵਸ ਦੇ ਇਤਿਹਾਸਕ ਪੱਖ ’ਤੇ ਚਾਨਣਾ ਪਾਉਂਦਿਆਂ ਮਾ-ਬੋਲੀ ਦੀ ਮਹੱਤਤਾ ਤੋਂ ਸਰੋਤਿਆਂ ਨੂੰ ਜਾਣੂੰ ਕਰਵਾਇਆ। ਇਸ ਮੁਸ਼ਾਇਰੇ ਵਿਚ ਅਠਾਰਾਂ ਵਿਦਿਆਰਥੀਆਂ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ।

ਹਿੰਦੀ ਵਿਭਾਗ ਦੇ ਮੁਖੀ ਡਾ. ਰਾਜਿੰਦਰ ਸਿੰਘ ਸਾਹਿਲ, ਖੇਡ ਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਬਲਜਿੰਦਰ ਸਿੰਘ, ਗਣਿਤ ਵਿਭਾਗ ਦੇ ਪ੍ਰਾ-ਅਧਿਆਪਕ ਅਰਸ਼ਦੀਪ ਕੌਰ ਤੇ ਅੰਗਰੇਜ਼ੀ ਵਿਭਾਗ ਦੇ ਪ੍ਰ-ਅਧਿਆਪਕ ਪ੍ਰੋ. ਹਰਮਨਦੀਪ ਕੌਰ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਾਰੀਆਂ ਹੀ ਰਚਨਾਵਾਂ ਨੂੰ ਸਰੋਤਿਆਂ ਵਲੋਂ ਭਰਪੂਰ ਹੁੰਗਾਰਾ ਮਿਲਿਆ।

ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਜਿੱਥੇ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ, ਉਥੇ ਉਨ੍ਹਾਂ ਇਹ ਵੀ ਭਰੋਸਾ ਦੁਆਇਆ ਕਿ ਇਸ ਮੁਸ਼ਾਇਰੇ ਵਿਚ ਪੜ੍ਹੀਆਂ ਗਈਆਂ ਸਾਰੀਆਂ ਰਚਨਾਵਾਂ ਨੂੰ ਪੁਸਤਕ ਰੂਪ ਵਿਚ ਛਾਪਿਆ ਵੀ ਜਾਵੇਗਾ ਅਤੇ ਸੋਸ਼ਲ ਮੀਡੀਆ ’ਤੇ ਵੀ ਪਾਇਆ ਜਾਵੇਗਾ। ਪ੍ਰੋਗਰਾਮ ਦੇ ਅੰਤ ਵਿਚ ਡਾ. ਸੋਹਨ ਸਿੰਘ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.