ਖੇਤੀਬਾੜੀ

ਪੰਜਾਬ ’ਚ ਮੂੰਗੀ ਤੇ ਬਾਸਮਤੀ ’ਤੇ ਦਿੱਤੀ ਜਾਵੇਗੀ ਐੱਮਐੱਸਪੀ : CM ਭਗਵੰਤ ਮਾਨ

Published

on

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਮੂੰਗੀ ਅਤੇ ਬਾਸਮਤੀ ’ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜ਼ਮੀਨ, ਪਾਣੀ ਤੇ ਹਵਾ ਬਚਾਉਣ ਲਈ ਕਿਸਾਨਾਂ ਦੀ ਸੋਚ ਨੂੰ ਬਦਲ ਕੇ ਉਨ੍ਹਾਂ ਨੂੰ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣਾ ਹੋਵੇਗਾ। ਇਸ ਦੇ ਲਈ ਸਰਕਾਰ ਪੀਏਯੂ ਦੇ ਮਾਹਰਾਂ ਨਾਲ ਮੰਥਨ ਕਰ ਰਹੀ ਹੈ।

ਮਾਨ ਨੇ ਕਿਹਾ ਕਿ ਸਰਕਾਰ ਖੇਤੀ ਵਿਚ ਬਦਲਾਅ ਲਈ ਵੱਡੇ ਫ਼ੈਸਲੇ ਲੈਣ ਲਈ ਹੋਮਵਰਕ ਕਰ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਘੱਟ ਸਮੇਂ ਵਿਚ ਤਿਆਰ ਹੋਣ ਵਾਲੀਆਂ ਅਤੇ ਘੱਟ ਪਾਣੀ ਦੇ ਇਸਤੇਮਾਲ ਵਾਲੀਆਂ ਬਦਲਵੀਆਂ ਫ਼ਸਲਾਂ ਬੀਜਣ ਦਾ ਸੱਦਾ ਦਿੱਤਾ। ਮਾਨ ਨੇ ਕਿਹਾ ਕਿ ਸੂਬੇ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਖੇਤੀ ਮਾਹਰਾਂ ਨਾਲ ਵਿਚਾਰ-ਵਟਾਂਦਰਾ ਹੋ ਰਿਹਾ ਹੈ ਕਿਉਂਕਿ ਇਹ ਮੁੱਦਾ ਆਉਣ ਵਾਲੀਆਂ ਪੀਡ਼੍ਹੀਆਂ ਦੇ ਭਵਿੱਖ ਨਾਲ ਜੁਡ਼ਿਆ ਹੋਇਆ ਹੈ।

ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ ਵਾਢੀ ਅਤੇ ਝੋਨੇ ਦੀ ਬਿਜਾਈ ਵਿਚਾਲੇ ਮੂੰਗੀ ਦੀ ਫ਼ਸਲ ਪੈਦਾ ਕਰਨ। ਇਸ ਤੋਂ ਬਾਅਦ ਜੁਲਾਈ ਵਿਚ ਬਾਸਮਤੀ ਦੀ ਬਿਜਾਈ ਕੀਤੀ ਜਾਵੇ। ਇਸ ਨਾਲ ਪਾਣੀ ਦੀ ਬਚਤ ਹੋਵੇਗੀ ਅਤੇ ਮੌਨਸੂਨ ਦਾ ਫਾਇਦਾ ਮਿਲੇਗਾ। ਮੂੰਗੀ ਅਤੇ ਬਾਸਮਤੀ ਲਈ ਐੱਮਐੱਸਪੀ ਦਿੱਤੀ ਜਾਵੇਗੀ। ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਕਿਸਾਨਾਂ ਦੇ ਸਹਿਯੋਗ ਨਾਲ ਕਈ ਵੱਡੇ ਫ਼ੈਸਲੇ ਲਏ ਜਾਣਗੇ ਅਤੇ ਇਸਨੂੰ ਅਪਣਾਉਣ ਵਾਲਿਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.