ਪੰਜਾਬੀ

ਸੰਸਦ ਮੈਂਬਰ ਸੰਜੀਵ ਅਰੋੜਾ ‘ਸਨ ਆਫ ਲੁਧਿਆਣਾ’ ਐਵਾਰਡ ਨਾਲ ਸਨਮਾਨਿਤ

Published

on

ਲੁਧਿਆਣਾ : ਰਾਜ ਸਭਾ ਮੈਂਬਰ ਸ੍ਰੀ ਸੰਜੀਵ ਅਰੋੜਾ ਨੂੰ ਇੱਕ ਸਥਾਨਕ ਸਮਾਗਮ ਮੌਕੇ ਸ਼ਹਿਰ ਦੇ ਉੱਘੇ ਬੁੱਧੀਜੀਵੀਆਂ ਵੱਲੋਂ ‘ਸਨ ਆਫ਼ ਲੁਧਿਆਣਾ’ (ਲੁਧਿਆਣਾ ਦਾ ਪੁੱਤਰ) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਰਾਜ ਸਭਾ ਮੈਂਬਰ ਨੂੰ ਇਹ ਪੁਰਸਕਾਰ ਉੱਘੇ ਅਰਥ ਸ਼ਾਸਤਰੀ ਅਤੇ ਸਾਬਕਾ ਚਾਂਸਲਰ ਪਦਮ ਭੂਸ਼ਣ ਡਾ. ਐੱਸ ਐੱਸ ਜੌਹਲ, ਉੱਘੇ ਕਵੀ ਅਤੇ ਪਦਮ ਸ਼੍ਰੀ ਡਾ. ਸੁਰਜੀਤ ਪਾਤਰ, ਉੱਘੇ ਕਵੀ ਪ੍ਰੋ: ਗੁਰਭਜਨ ਗਿੱਲ, ਸਿੱਖ ਵਿਦਵਾਨ ਪ੍ਰੋ: ਅਨੁਰਾਗ ਸਿੰਘ ਦੇ ਨਾਲ ਉੱਘੀਆਂ ਸਖ਼ਸ਼ੀਅਤਾਂ ਨੇ ਪੁਰਸਕਾਰ ਪ੍ਰਦਾਨ ਕੀਤਾ।

ਇਸ ਮੌਕੇ ਆਪਣੇ ਸੰਬੋਧਨ ਦੌਰਾਨ ਡਾ. ਐਸ.ਐਸ. ਜੌਹਲ ਅਤੇ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸ੍ਰੀ ਸੰਜੀਵ ਅਰੋੜਾ ਜੋ ਕਿ ਲੁਧਿਆਣਾ ਦੇ ਉੱਘੇ ਕਾਰੋਬਾਰੀ ਪਰਿਵਾਰ ਵਿੱਚੋਂ ਹਨ, ਨੂੰ ਰਾਜ ਸਭਾ ਮੈਂਬਰ ਚੁਣਿਆ ਗਿਆ ਹੈ।

ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਸੰਸਦ ਮੈਂਬਰ ਅਰੋੜਾ ਦੇ ਪਿਤਾ ਸ੍ਰੀ ਪ੍ਰਾਣ ਨਾਥ ਅਰੋੜਾ ਨੇ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਰਾਜ ਵਿੱਚ ਤੇਲ ਦੀ ਪਹਿਲੀ ਐਗਰੋ ਪ੍ਰੋਸੈਸਿੰਗ ਯੂਨਿਟ ਅਤੇ ਬਾਅਦ ਵਿੱਚ ਲੁਧਿਆਣਾ ਦੀ ਪਹਿਲੀ ਨਿੱਜੀ ਦੁੱਧ ਪ੍ਰੋਸੈਸਿੰਗ ਕੰਪਨੀ ਦੀ ਸਥਾਪਨਾ ਕਰਕੇ ਰਾਜ ਦੀ ਆਰਥਿਕਤਾ ਵਿੱਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸ੍ਰੀ ਸੰਜੀਵ ਅਰੋੜਾ ਤੋਂ ਬਹੁਤ ਉਮੀਦਾਂ ਹਨ।

ਰਾਜ ਸਭਾ ਮੈਂਬਰ ਦੇ ਕਰੀਬੀ ਮਿੱਤਰ ਸ੍ਰੀ ਹਰਪ੍ਰੀਤ ਸੰਧੂ ਨੇ ਕਿਹਾ ਕਿ ਸ੍ਰੀ ਸੰਜੀਵ ਅਰੋੜਾ ਦੀ ਰਾਜ ਸਭਾ ਲਈ ਚੋਣ ਨਾਲ ਸੂਬੇ ਦੇ ਵਪਾਰੀ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸ੍ਰੀ ਸੰਜੀਵ ਅਰੋੜਾ ਤੋਂ ਬਹੁਤ ਆਸਾਂ ਹਨ। ਇਸ ਮੌਕੇ ਸੰਯੁਕਤ ਪੁਲਿਸ ਕਮਿਸ਼ਨਰ ਸ੍ਰੀ ਨਰਿੰਦਰ ਭਾਰਗਵ, ਸ. ਤਰਲੋਚਨ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.