ਪੰਜਾਬੀ

ਸੰਸਦ ਮੈਂਬਰ ਬਿੱਟੂ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ

Published

on

ਲੁਧਿਆਣਾ : ਲੁਧਿਆਣਾ ਤੋਂ ਸੰਸਦ ਮੈਂਬਰ ਸ. ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਜ਼ਿਲ੍ਹਾ ਵਾਸੀਆਂ ਨੂੰ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ ਹੈ। ਸੰਸਦ ਮੈਂਬਰ ਸ. ਰਵਨੀਤ ਸਿੰਘ ਬਿੱਟੂ, ਜੋ ਕਿ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ (ਦਿਸ਼ਾ) ਦੇ ਚੇਅਰਮੈਨ ਵੀ ਹਨ, ਅੱਜ ਸਥਾਨਕ ਬੱਚਤ ਭਵਨ ਵਿਖੇ ਵੱਖ-ਵੱਖ ਸਰਕਾਰੀ ਸਕੀਮਾਂ ਦਾ ਜਾਇਜ਼ਾ ਲੈਣ ਲਈ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਇਸ ਮੌਕੇ ਉਨ੍ਹਾਂ ਨਾਲ ਵਿਧਾਇਕਾਂ ਸ੍ਰੀ ਗੁਰਪ੍ਰੀਤ ਬੱਸੀ ਗੋਗੀ, ਸ. ਜੀਵਨ ਸਿੰਘ ਸੰਗੋਵਾਲ ਅਤੇ ਰਜਿੰਦਰਪਾਲ ਕੌਰ ਛੀਨਾ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਯਾਦਵਿੰਦਰ ਸਿੰਘ ਜੰਡਿਆਲੀ, ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਤੋਂ ਇਲਾਵਾ ਸਮੂਹ ਸਰਕਾਰੀ ਵਿਭਾਗਾਂ ਦੇ ਮੁਖੀ ਅਤੇ ਹੋਰ ਵੀ ਹਾਜ਼ਰ ਸਨ।

ਸ. ਰਵਨੀਤ ਸਿੰਘ ਬਿੱਟੂ ਨੇ ਵੱਖ-ਵੱਖ ਸਕੀਮਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਕੀਮਾਂ ਬਾਰੇ ਜਾਗਰੂਕਤਾ ਕੈਂਪ ਲਗਾਉਣ ਤਾਂ ਜੋ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਤਹਿਤ ਹੇਠਲੇ ਪੱਧਰ ਤੱਕ ਲੋਕਾਂ ਨੂੰ ਜਾਣੂੰ ਕਰਵਾਇਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਕੰਮ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੀ ਕਿਹਾ।

ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਸਰਕਾਰੀ ਸਕੂਲਾਂ ਵਿੱਚ ਮਿਡ ਡੇਅ ਮੀਲ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੁਝ ਸਕੂਲਾਂ ਵਿੱਚ ਮਿਡ ਡੇਅ ਮੀਲ ਦੀ ਗੁਣਵੱਤਾ ਸਹੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਂਗਨਵਾੜੀ ਸੈਂਟਰਾਂ ਦੀ ਸਹੀ ਚੈਕਿੰਗ ਕੀਤੀ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਗਈ ਕਿ ਉਹ ਹਫ਼ਤਾਵਾਰੀ ਆਧਾਰ ‘ਤੇ ਅਚਨਚੇਤ ਚੈਕਿੰਗ ਕਰਨ। ਉਨ੍ਹਾਂ ਸਿਵਲ ਸਰਜਨ ਨੂੰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਵਸਨੀਕਾਂ ਨੂੰ ਲੋੜੀਂਦੀਆਂ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।

ਹਲਕਾ ਲੁਧਿਆਣਾ (ਦੱਖਣੀ) ਤੋਂ ਵਿਧਾਇਕ ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ ਨੇ ਆਪਣੇ ਹਲਕੇ ਵਿੱਚ ਟੂਟੀਆਂ ਦੇ ਪਾਣੀ ਦੀ ਮਾੜੀ ਸਪਲਾਈ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਅਧਿਕਾਰੀ ਉਨ੍ਹਾਂ ਦੇ ਹਲਕੇ ਵਿੱਚ ਪੀਣ ਵਾਲੇ ਪਾਣੀ ਨੂੰ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੁਣ ਤੋਂ ਪਾਣੀ ਸਬੰਧੀ ਕੋਈ ਸ਼ਿਕਾਇਤ ਨਾ ਆਵੇ। ਉਨ੍ਹਾਂ ਅਧਿਕਾਰੀਆਂ ਨੂੰ ਸਕੂਲਾਂ ਸਮੇਤ ਜ਼ਿਲ੍ਹੇ ਦੇ ਸਾਰੇ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੇ ਨਿਯਮਤ ਤੌਰ ‘ਤੇ ਸੈਂਪਲ ਲੈਣ ਦੇ ਵੀ ਨਿਰਦੇਸ਼ ਦਿੱਤੇ।

ਹਲਕਾ ਗਿੱਲ ਤੋਂ ਵਿਧਾਇਕ ਸ. ਜੀਵਨ ਸਿੰਘ ਸੰਗੋਵਾਲ ਨੇ ਵੀ ਆਪਣੇ ਹਲਕੇ ਨਾਲ ਸਬੰਧਤ ਕਈ ਮੁੱਦੇ ਚੁੱਕੇ। ਮੀਟਿੰਗ ਦੌਰਾਨ ਮਨਰੇਗਾ, ਧਾਂਦਰਾ ਕਲੱਸਟਰ, ਮਿਡ ਡੇਅ ਮੀਲ, ਪੀਣ ਯੋਗ ਪਾਣੀ, ਆਂਗਨਵਾੜੀ ਕੇਂਦਰ, ਸਿਹਤ ਵਿਭਾਗ, ਕੋਵਿਡ-19 ਟੀਕਾਕਰਨ, ਪੈਨਸ਼ਨਾਂ ਤੋਂ ਇਲਾਵਾ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ।

Facebook Comments

Trending

Copyright © 2020 Ludhiana Live Media - All Rights Reserved.