ਪੰਜਾਬੀ

ਐਮਪੀ ਅਰੋੜਾ ਨੇ ਲੁਧਿਆਣਾ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ

Published

on

ਲੁਧਿਆਣਾ : ਹਲਵਾਰਾ ਏਅਰਪੋਰਟ ਪ੍ਰੋਜੈਕਟ ਦੇ ਚੱਲ ਰਹੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਲਈ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਏ.ਸੀ.ਏ ਗਲਾਡਾ, ਏ.ਡੀ.ਸੀ. ਲੁਧਿਆਣਾ, ਐਸ.ਡੀ.ਐਮ ਰਾਏਕੋਟ, ਐਸ.ਈ.ਪੀ.ਡਬਲਿਊ.ਡੀ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਸਾਈਟ ਦਾ ਦੌਰਾ ਕੀਤਾ। ਅਰੋੜਾ ਨੇ ਹਵਾਈ ਅੱਡੇ ਦੇ ਚੱਲ ਰਹੇ ਵਿਕਾਸ ਦੇ ਹਰ ਕੋਨੇ ਦਾ ਦੌਰਾ ਕੀਤਾ ਅਤੇ ਚੱਲ ਰਹੇ ਕੰਮ ਦੀ ਪ੍ਰਗਤੀ ਬਾਰੇ ਖੁਦ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਚੱਲ ਰਹੇ ਕੰਮਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ।

ਅਰੋੜਾ ਨੂੰ ਜਾਣੂ ਕਰਵਾਇਆ ਗਿਆ ਕਿ ਕੁਝ ਮਨਜ਼ੂਰੀਆਂ ਦੀ ਲੋੜ ਹੈ। ਇਸ ’ਤੇ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸਬੰਧਤ ਉੱਚ ਅਧਿਕਾਰੀਆਂ ਕੋਲ ਇਹ ਮਾਮਲਾ ਉਠਾ ਕੇ ਸਾਰੀਆਂ ਮਨਜ਼ੂਰੀਆਂ ਲੈਣਗੇ। ਇਸ ਦੌਰਾਨ ਅਰੋੜਾ ਨੇ ਕਿਹਾ ਕਿ ਇਹ ਪ੍ਰੋਜੈਕਟ ਮੁਕੰਮਲ ਹੋਣ ਦੇ ਨੇੜੇ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪ੍ਰਾਜੈਕਟ ਅਗਲੇ ਕੁਝ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਅਰੋੜਾ ਨੇ ਸਮੂਹ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਫਿਰੋਜ਼ਪੁਰ ਰੋਡ ‘ਤੇ ਪ੍ਰਵੇਸ਼ ਦੁਆਰ ਤੋਂ ਮਿੰਨੀ ਸਕੱਤਰੇਤ ਤੱਕ ਉਸਾਰੀ ਅਧੀਨ ਐਲੀਵੇਟਿਡ ਰੋਡ ਦੇ ਇੱਕ ਹਿੱਸੇ ਦੀ ਟਰਾਇਲ ਰਨ ਕੀਤਾ।

ਅਰੋੜਾ ਨੇ ਐਲੀਵੇਟਿਡ ਰੋਡ ਦੇ ਇਸ ਪੈਚ ‘ਤੇ ਆਪਣੇ ਕਾਫਲੇ ਨੂੰ ਕੁਝ ਮਿੰਟਾਂ ਲਈ ਰੋਕ ਕੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰੇ ਜ਼ਰੂਰੀ ਟੈਸਟ ਪੂਰੇ ਕਰਨ ਤੋਂ ਬਾਅਦ ਐਲੀਵੇਟਿਡ ਰੋਡ ਦੇ ਇਸ ਹਿੱਸੇ ਨੂੰ ਲੋਕਾਂ ਲਈ ਖੋਲ੍ਹਣ। ਬਾਅਦ ਵਿੱਚ ਅਰੋੜਾ ਨੇ ਹਲਵਾਰਾ ਹਵਾਈ ਅੱਡੇ ਦੀ ਪ੍ਰਗਤੀ ਅਤੇ ਹੋਰ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਲੈਣ ਲਈ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕੀਤੀ। ਦੱਖਣੀ ਬਾਈਪਾਸ ਅਤੇ ਰਾਹੋਂ ਰੋਡ ਪ੍ਰਾਜੈਕਟਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਲੁਧਿਆਣਾ ਜ਼ਿਲ੍ਹੇ ਵਿੱਚੋਂ ਲੰਘਦੇ ਐਨ.ਐਚ.ਏ.ਆਈ ਹਾਈਵੇਜ਼ ਲਈ ਜ਼ਮੀਨ ਐਕਵਾਇਰ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਅਰੋੜਾ ਨੇ ਸਬੰਧਤ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਐਲੀਵੇਟਿਡ ਰੋਡ ਦੇ ਨਾਲ-ਨਾਲ ਸਾਈਕਲ ਟਰੈਕ ਅਤੇ ਪਾਰਕਿੰਗ ਬਣਾਉਣ ਦੀ ਪ੍ਰਗਤੀ ਬਾਰੇ ਵੀ ਪੁੱਛਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਐਸਟੀਮੇਟ ਅਗਲੇਰੀ ਲੋੜੀਂਦੀ ਕਾਰਵਾਈ ਲਈ ਸਬੰਧਤ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੇ ਗਏ ਹਨ। ਭਾਰਤ ਨਗਰ ਚੌਕ ਅਤੇ ਬੱਸ ਸਟੈਂਡ ਤੱਕ ਐਲੀਵੇਟਿਡ ਰੋਡ ਦੇ ਕੁਝ ਹਿੱਸੇ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਵੀ ਦਿੱਤੇ ।

Facebook Comments

Trending

Copyright © 2020 Ludhiana Live Media - All Rights Reserved.