ਪੰਜਾਬੀ

‘ਸਰਕਾਰ ਤੁਹਾਡੇ ਦੁਆਰ’ ਤਹਿਤ ਰੈਵੇਨਿਊ ਕੈਂਪ ‘ਚ 3000 ਤੋਂ ਵੱਧ ਇੰਤਕਾਲ ਕੇਸਾਂ ਦਾ ਫੈਸਲਾ

Published

on

ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਉਨ੍ਹਾਂ ਦੇ ਘਰ-ਘਰ ਪਹੁੰਚਾਉਣ ਦੇ ਮੰਤਵ ਨਾਲ ਸਥਾਨਕ ਹੰਬੜਾਂ ਰੋਡ ਵਿਖੇ ਇੱਕ ਮੈਗਾ ਰੈਵੇਨਿਊ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੁਧਿਆਣਾ ਪੱਛਮੀ ਸਬ ਡਵੀਜ਼ਨ ਦੇ ਪਟਵਾਰੀਆਂ, ਕਾਨੂੰਗੋ, ਸੀ.ਆਰ.ਓਜ਼ ਨੇ ਲੋਕਾਂ ਨੂੰ ਇਹ ਸੇਵਾਵਾਂ ਪ੍ਰਦਾਨ ਕੀਤੀਆਂ।

ਕੈਂਪ ਦਾ ਦੌਰਾ ਕਰਦਿਆਂ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਬਿਨੈਕਾਰਾਂ ਨਾਲ ਗੱਲਬਾਤ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਮਲਿਕ ਨੇ ਦੱਸਿਆ ਕਿ ਕੈਂਪ ਦੌਰਾਨ 3100 ਤੋਂ ਵੱਧ ਦਰਖਾਸਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ, ਜਿਸ ਵਿੱਚ 3000 ਇੰਤਕਾਲ ਕੇਸ, ਫਰਦ ਬਦਲ ਦੀਆਂ 100 ਦੇ ਕਰੀਬ ਅਰਜ਼ੀਆਂ ਅਤੇ ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਲਈ 50 ਦੇ ਕਰੀਬ ਨਵੀਆਂ ਦਰਖਾਸਤਾਂ ਸ਼ਾਮਲ ਸਨ। ਉਨ੍ਹਾਂ ਅੱਗੇ ਦੱਸਿਆ ਕਿ ਕੈਂਪ ਦੌਰਾਨ ਪਟਵਾਰੀਆਂ ਵੱਲੋਂ ਕੁੱਲ 500 ਬਕਾਇਆ ਇੰਤਕਾਲਾਂ ਦਾ ਫੈਸਲਾ ਕੀਤਾ ਗਿਆ ਜਦਕਿ ਕਾਨੂੰਗੋ ਵੱਲੋਂ 1550 ਇੰਤਕਾਲਾਂ ਨੂੰ ਅੰਤਿਮ ਰੂਪ ਦਿੱਤਾ ਗਿਆ।

ਇਸੇ ਤਰ੍ਹਾਂ ਸਰਕਲ ਮਾਲ ਅਫਸਰਾਂ ਵਲੋਂ ਕੈਂਪ ਦੌਰਾਨ 1100 ਤੋਂ ਵੱਧ ਇੰਤਕਾਲ ਦੇ ਕੇਸਾਂ ਦਾ ਫੈਸਲਾ ਕੀਤਾ ਜਦਕਿ ਫਰਦ ਬਦਰ ਦੀਆਂ 100 ਦੇ ਕਰੀਬ ਅਰਜ਼ੀਆਂ ਨੂੰ ਵੀ ਕੈਂਪ ਦੌਰਾਨ ਪ੍ਰਵਾਨਗੀ ਦਿੱਤੀ ਗਈ. ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਸਬੰਧੀ 50 ਦੇ ਕਰੀਬ ਨਵੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਵੇਂ ਪਟਵਾਰੀਆਂ ਦੀ ਨਿਯੁਕਤੀ ਕੀਤੀ ਹੈ ਜੋ ਜਲਦ ਹੀ ਆਪਣੀ ਡਿਊਟੀ ਜੁਆਇਨ ਕਰ ਲੈਣਗੇ ਕਿਉਂਕਿ ਇਸ ਨਾਲ ਕੰਮ ਕਰ ਰਹੇ ਪਟਵਾਰੀਆਂ ਨੂੰ ਵਾਧੂ ਖਰਚਿਆਂ ਦੇ ਬੋਝ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਪਟਵਾਰੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਘਾਟ ਨੂੰ ਪੂਰਾ ਕਰਕੇ ਮਾਲ ਵਿਭਾਗ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਦਾ ਰਾਹ ਪੱਧਰਾ ਹੋਵੇਗਾ।

Facebook Comments

Trending

Copyright © 2020 Ludhiana Live Media - All Rights Reserved.