ਪੰਜਾਬੀ

 ਨਿਰਪੱਖ ਤੇ ਪਾਰਦਰਸ਼ੀ ਚੋਣ ਲਈ 20 ਹਜ਼ਾਰ ਤੋਂ ਵੱਧ ਕਰਮਚਾਰੀ ਤਾਇਨਾਤ – ਜ਼ਿਲ੍ਹਾ ਚੋਣ ਅਫ਼ਸਰ

Published

on

ਲੁਧਿਆਣਾ :   ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਅਮਲੇ ਦੀ ਤਾਇਨਾਤੀ ਲਈ ਦੂਜੀ ਰੈਂਡਮਾਈਜ਼ੇਸ਼ਨ ਕੀਤੀ ਗਈ।

ਇਹ ਰੈਂਡਮਾਈਜੇਸ਼ਨ ਜਨਰਲ ਚੋਣ ਅਬਜ਼ਰਵਰ ਅੰਨਾਵੀ ਦਿਨੇਸ਼ ਕੁਮਾਰ ਆਈ.ਏ.ਐਸ., ਪ੍ਰਭਾੰਸ਼ੂ ਕੁਮਾਰ ਸ੍ਰੀਵਾਸਤਵ ਆਈ.ਏ.ਐਸ., ਦੇਵ ਰਾਜ ਦੇਵ ਆਈ.ਏ.ਐਸ., ਸ਼ੀਸ਼ ਨਾਥ ਆਈ.ਏ.ਐਸ., ਟੀ.ਐਨ. ਵੈਂਕਟੇਸ਼ ਆਈ.ਏ.ਐਸ., ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ ਦੀ ਮੌਜੂਦਗੀ ਵਿੱਚ ਹੋਈ।।

ਇਹ ਰੈਂਡਮਾਈਜ਼ੇਸ਼ਨ ਕੇਂਦਰ ਅਤੇ ਰਾਜ ਸਰਕਾਰਾਂ, ਬੈਂਕਾਂ ਅਤੇ ਜਨਤਕ ਖੇਤਰ ਦੇ ਅਦਾਰਿਆਂ ਦੇ ਲਗਭਗ 20 ਹਜ਼ਾਰ ਕਰਮਚਾਰੀਆਂ ਦੀ ਤਾਇਨਾਤੀ ਲਈ ਆਯੋਜਿਤ ਕੀਤੀ ਗਈ, ਜਿਨ੍ਹਾਂ ਨੂੰ ਚੋਣਾਂ ਦੌਰਾਨ ਕਈ ਡਿਊਟੀਆਂ ਸੌਂਪੀਆਂ ਗਈਆਂ ਹਨ। ਚੋਣਾਂ ਵਿੱਚ ਲੋੜ ਅਨੁਸਾਰ ਮੁਲਾਜ਼ਮਾਂ ਨੂੰ ਕਾਊਂਟਿੰਗ, ਪੋਲਿੰਗ ਅਤੇ ਸਹਾਇਕ ਸਟਾਫ਼ ਵਜੋਂ ਅਤੇ ਮਾਈਕਰੋ-ਆਬਜ਼ਰਵਰਾਂ ਦੇ ਤੌਰ ‘ਤੇ ਸੇਵਾਵਾਂ ਲੈਣ ਲਈ ਵੀ ਡਿਊਟੀਆਂ ਲਗਾਈਆਂ ਗਈਆਂ ਹਨ।

ਰੈਂਡਮਾਈਜ਼ੇਸ਼ਨ ਦਾ ਉਦੇਸ਼ 20 ਫਰਵਰੀ ਨੂੰ ਹੋਣ ਵਾਲੇ ਪੋਲਿੰਗ ਪ੍ਰੋਗਰਾਮ ਲਈ ਸਟਾਫ਼ ਨੂੰ ਡਿਊਟੀਆਂ ਸੌਂਪਣਾ ਸੀ। ਇਹ ਰੈਂਡਮਾਈਜ਼ੇਸ਼ਨ ਜ਼ਿਲ੍ਹੇ ਦੇ ਪੋਲਿੰਗ ਬੂਥਾਂ ‘ਤੇ ਪੋਲਿੰਗ ਪਾਰਟੀਆਂ ਦੀ ਤਾਇਨਾਤੀ ਲਈ ਕੀਤੀ ਗਈ ਸੀ। ਚੋਣਾਂ ਦੌਰਾਨ ਕਈ ਕਰਮਚਾਰੀਆਂ ਨੂੰ ਪ੍ਰੀਜ਼ਾਈਡਿੰਗ ਅਫ਼ਸਰ (ਪੀ.ਆਰ.ਓ), ਪੋਲਿੰਗ ਅਫ਼ਸਰ (ਪੀ.ਓ) ਵਜੋਂ ਤਾਇਨਾਤ ਕੀਤਾ ਗਿਆ ਹੈ ਅਤੇ 10 ਮਾਰਚ ਨੂੰ ਹੋਣ ਵਾਲੀ ਗਿਣਤੀ ਲਈ ਲੋੜੀਂਦਾ ਸਟਾਫ਼ ਵੀ ਤਾਇਨਾਤ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੋਲਿੰਗ ਸਟਾਫ਼ ਅਤੇ ਰਿਟਰਨਿੰਗ ਅਫ਼ਸਰ ਦੇ ਸਹਾਇਕ ਸਟਾਫ਼ ਸਮੇਤ 20 ਹਜ਼ਾਰ ਦੇ ਕਰੀਬ ਮੁਲਾਜ਼ਮ ਚੋਣ ਡਿਊਟੀਆਂ ‘ਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.