ਲੁਧਿਆਣਾ :ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪੱਪੀ ਅੱਜ ਸੋਮਵਾਰ ਸਵੇਰੇ ਸਿਵਲ ਹਸਪਤਾਲ ਪੁੱਜੇ। ਕਰੀਬ ਸਾਢੇ ਤਿੰਨ ਵਜੇ ਜਦੋਂ ਉਹ ਹਸਪਤਾਲ ‘ਚ ਦਾਖ਼ਲ ਹੋਏ ਤਾਂ ਸਭ ਤੋਂ ਪਹਿਲਾਂ ਪਾਰਕਿੰਗ ਏਰੀਆ ‘ਚ ਪਹੁੰਚੇ। ਜਿੱਥੇ ਵਾਹਨਾਂ ਦੀ ਪਾਰਕਿੰਗ ਲਈ ਰੇਟ ਲਿਸਟ ਨਾ ਲਗਾਏ ਜਾਣ ‘ਤੇ ਉਹ ਭੜਕ ਗਏ।

ਵਿਧਾਇਕ ਨੇ ਮੌਕੇ ‘ਤੇ ਮੌਜੂਦ ਪਾਰਕਿੰਗ ਠੇਕੇਦਾਰ ਤੇ ਮੁਲਾਜ਼ਮਾਂ ਤੋਂ ਪੁੱਛਿਆ ਕਿ ਰੇਟ ਲਿਸਟ ਕਿੱਥੇ ਲਗਾਈ ਗਈ ਹੈ। ਜਿਸ ‘ਤੇ ਜਵਾਬ ਮਿਲਿਆ ਕਿ ਰੇਟ ਲਿਸਟ ਦਾ ਬੋਰਡ ਨਹੀਂ ਲੱਗਾ ਹੈ, ਬੋਰਡ ਬਣਾਉਣ ਲਈ ਦਿੱਤਾ ਗਿਆ ਹੈ। ਉਨ੍ਹਾਂ ਠੇਕੇਦਾਰ ਤੇ ਮਜ਼ਦੂਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੈਂ ਆਖਰੀ ਵਾਰ ਸਮਝਾਉਣ ਜਾ ਰਿਹਾ ਹਾਂ, ਕੱਲ੍ਹ ਤਕ ਪਾਰਕਿੰਗ ਫੀਸ ਦੀ ਰੇਟ ਲਿਸਟ ਦਾ ਬੋਰਡ ਲਾ ਦਿੱਤਾ ਜਾਵੇ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਪਾਰਕਿੰਗ ਦਾ ਠੇਕਾ ਰੱਦ ਕਰਨ ਦੀ ਕਾਰਵਾਈ ਕੀਤੀ ਜਾਵੇਗੀ।
ਪੱਪੀ ਨੇ ਕਿਹਾ ਕਿ ਜੇਕਰ ਮਰੀਜ਼ਾਂ ਤੋਂ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਫੀਸਾਂ ਤੋਂ ਵੱਧ ਫੀਸ ਵਸੂਲਣ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਵਿਧਾਇਕ ਅਸ਼ੋਕ ਪਰਾਸ਼ਰ ਨੇ ਸ਼ੁੱਕਰਵਾਰ ਨੂੰ ਨਗਰ ਨਿਗਮ ਜ਼ੋਨ ਏ ਦਫ਼ਤਰ ਦੇ ਬਾਹਰ ਬਹੁਮੰਜ਼ਿਲਾ ਪਾਰਕਿੰਗ ‘ਚ ਓਵਰਚਾਰਜ ਦੇ ਮਾਮਲੇ ਨੂੰ ਲੈ ਕੇ ਅਚਾਨਕ ਛਾਪਾ ਮਾਰਿਆ ਸੀ। ਮੌਕੇ ’ਤੇ ਪਾਰਕਿੰਗ ‘ਚ ਕੋਈ ਰੇਟ ਲਿਸਟ ਨਹੀਂ ਲਿਖੀ ਹੋਈ ਸੀ। ਇਸ ’ਤੇ ਉਸ ਨੇ ਠੇਕਾ ਰੱਦ ਕਰਨ ਦੇ ਹੁਕਮ ਦਿੱਤੇ।