ਪੰਜਾਬੀ

ਲੁਧਿਆਣਾ ‘ਚ ਨਾਜਾਇਜ਼ ਕਾਲੋਨੀਆਂ ਦਾ ਕਰੋੜਾਂ ਦਾ ਕਾਰੋਬਾਰ, ਗਲਾਡਾ ਦਾ ਸਿਸਟਮ ਹੋਇਆ ਫੇਲ੍ਹ

Published

on

ਲੁਧਿਆਣਾ : ਲੁਧਿਆਣਾ ‘ਚ ਨਗਰ ਨਿਗਮ ਦੀ ਹੱਦ ਨਾਲ ਲੱਗਦੇ ਪਿੰਡਾਂ ‘ਚ ਨਾਜਾਇਜ਼ ਕਾਲੋਨੀਆਂ ਕੱਟ ਕੇ ਕਰੋੜਾਂ ਰੁਪਏ ਦੀ ਕੀਮਤ ਦਾ ਦੋ ਨੰਬਰ ਦਾ ਕਾਰੋਬਾਰ ਜ਼ੋਰਾਂ ‘ਤੇ ਚੱਲ ਰਿਹਾ ਹੈ। ਪਿਛਲੇ ਤਿੰਨ ਸਾਲਾਂ ਵਿਚ ਕਾਲੋਨਾਈਜ਼ਰਾਂ ਨੇ ਸੈਂਕੜੇ ਨਾਜਾਇਜ਼ ਕਾਲੋਨੀਆਂ ਕੱਟ ਕੇ ਆਪਣੀਆਂ ਜੇਬਾਂ ਭਰੀਆਂ ਹਨ। ਨਾਜਾਇਜ਼ ਕਾਲੋਨੀਆਂ ਦੀ ਇਸ ਕਰੋੜਾਂ ਰੁਪਏ ਦੀ ਨਾਜਾਇਜ਼ ਖੇਡ ਵਿਚ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦਾ ਸਿਸਟਮ ਫੇਲ੍ਹ ਸਾਬਤ ਹੋਇਆ ਹੈ।

ਨਾਜਾਇਜ਼ ਕਾਲੋਨੀਆਂ ਕੱਟਣ ਵਾਲਿਆਂ ਵਿਰੁੱਧ ਕਾਰਵਾਈ ਕਰਨਾ ਤਾਂ ਦੂਰ ਗਲਾਡਾ ਦੇ ਅਧਿਕਾਰੀਆਂ ਕੋਲ ਇਨ੍ਹਾਂ ਦਾ ਕੋਈ ਰਿਕਾਰਡ ਤੱਕ ਨਹੀਂ ਹੈ। ਹੈਬੋਵਾਲ ਇਲਾਕੇ ਚ ਨਗਰ ਨਿਗਮ ਦੀ ਹੱਦ ਨਾਲ ਲੱਗਦੇ ਪਿੰਡਾਂ ਚੂਹੜਪੁਰ, ਜੱਸੀਆਂ, ਹੁਸੈਨਪੁਰਾ, ਛੋਟੀ ਲਾਦੀਆਂ ਤੇ ਵੱਡੀ ਲਾਦੀਆਂ ਚ ਨਾਜਾਇਜ਼ ਕਾਲੋਨੀਆਂ ਦੀ ਭਰਮਾਰ ਹੈ। ਇੱਥੇ ਕੁਝ ਹੀ ਦੂਰੀ ‘ਤੇ ਕਾਲੋਨੀਆਂ ਕੱਟੀਆਂ ਗਈਆਂ ਹਨ।

ਕੁਝ ਕਾਲੋਨਾਈਜ਼ਰਾਂ ਨੇ ਤਾਂ ਇਨ੍ਹਾਂ ਨਾਜਾਇਜ਼ ਕਾਲੋਨੀਆਂ ਚ ਆਪਣੇ ਵੱਲੋਂ ਬਿਜਲੀ ਦੇ ਖੰਭੇ ਵੀ ਲਗਾਏ ਹੋਏ ਹਨ ਤਾਂ ਜੋ ਪਲਾਟ ਲੈਣ ਆਉਣ ਵਾਲੇ ਗਾਹਕ ਨੂੰ ਲੱਗੇ ਕਿ ਸਭ ਕੁਝ ਨਾਰਮਲ ਹੈ। ਇਸ ਇਲਾਕੇ ਵਿਚ 4 ਹਜ਼ਾਰ ਰੁਪਏ ਤੋਂ ਲੈ ਕੇ 10 ਹਜ਼ਾਰ ਰੁਪਏ ਪ੍ਰਤੀ ਗਜ਼ ਤੱਕ ਦੇ ਪਲਾਟ ਵੇਚੇ ਜਾ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਇੱਥੋਂ ਦੀਆਂ ਲਗਭਗ 25 ਫੀਸਦੀ ਕਾਲੋਨੀਆਂ ‘ਚ ਲੋਕਾਂ ਨੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ।

ਨਾਜਾਇਜ਼ ਕਾਲੋਨੀਆਂ ਕੱਟਣ ਵਾਲੇ ਕਾਲੋਨਾਈਜ਼ਰਾਂ ਦਾ ਧਿਆਨ ਮੱਧ ਵਰਗ ਅਤੇ ਇਸ ਤੋਂ ਹੇਠਾਂ ਵੱਲ ਹੈ। ਉਨ੍ਹਾਂ ਲਈ ਇਹ ਲੋਕ 40, 50 ਅਤੇ 60 ਗਜ਼ ਦੇ ਪਲਾਟ ਵੇਚ ਰਹੇ ਹਨ। ਲੋਕਾਂ ਨੂੰ ਫਸਾਉਣ ਲਈ ਕਈ ਪੇਸ਼ਕਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। 40 ਗਜ਼ ਦਾ ਇਹ ਪਲਾਟ ਮਜ਼ਦੂਰ ਵਰਗ ਦੇ ਲੋਕਾਂ ਨੂੰ ਸਿਰਫ 1.68 ਲੱਖ ਰੁਪਏ ‘ਚ ਵੇਚਿਆ ਜਾ ਰਿਹਾ ਹੈ। ਇਸ ਪੈਸੇ ਨੂੰ ਮੋੜਨ ਲਈ ਕਾਲੋਨਾਈਜ਼ਰ 12 ਮਹੀਨੇ ਦੀਆਂ ਕਿਸ਼ਤਾਂ ਵੀ ਦੇ ਰਹੇ ਹਨ।

ਕਾਲੋਨਾਈਜ਼ਰ ਪਹਿਲਾਂ ਪਲਾਟ ਖਰੀਦਣ ਲਈ ਆਉਣ ਵਾਲੇ ਲੋਕਾਂ ਨੂੰ ਫਸਾਉਣ ਲਈ ਕੱਟੀ ਗਈ ਨਾਜਾਇਜ਼ ਕਾਲੋਨੀ ਵਿਚ ਚਾਰ ਤੋਂ ਪੰਜ ਘਰ ਬਣਾਉਂਦਾ ਹੈ। ਇਸ ਨਾਲ ਪਲਾਟ ਖਰੀਦਣ ਆਉਣ ਵਾਲੇ ਲੋਕਾਂ ਨੂੰ ਭਰੋਸਾ ਦਿਵਾਇਆ ਜਾ ਸਕਦਾ ਹੈ ਕਿ ਇਨ੍ਹਾਂ ਲੋਕਾਂ ਨੇ ਵੀ ਇਥੇ ਜ਼ਮੀਨ ਲੈ ਕੇ ਆਪਣਾ ਘਰ ਬਣਾਇਆ ਹੈ। ਆਉਣ ਵਾਲੇ ਦਿਨਾਂ ਵਿੱਚ ਇੱਥੇ ਇਸ ਤੋਂ ਸਸਤਾ ਕੁਝ ਵੀ ਨਹੀਂ ਹੋਵੇਗਾ।


ਕਿ ਕਹਿੰਦੇ ਹਨ ਗਲਾਡਾ ਦੇ ਅਧਿਕਾਰੀ :
ਗਲਾਡਾ ਅਧੀਨ ਪੈਂਦੇ ਇਲਾਕੇ ਚ ਜਿੱਥੇ ਵੀ ਨਾਜਾਇਜ਼ ਕਾਲੋਨੀਆਂ ਬਣਾਉਣ ਦੀ ਸੂਚਨਾ ਮਿਲਦੀ ਹੈ, ਉਥੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਉਥੇ ਤੁਰੰਤ ਬੋਰਡ ਲੱਗ ਜਾਂਦਾ ਹੈ ਅਤੇ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਕਾਲੋਨੀ ਗੈਰ-ਕਾਨੂੰਨੀ ਹੈ। ਅਸੀਂ ਹੁਣ ਗੈਰ-ਕਾਨੂੰਨੀ ਕਲੋਨੀਆਂ ਦਾ ਰਿਕਾਰਡ ਤਿਆਰ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਨਾਜਾਇਜ਼ ਕਾਲੋਨੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.