ਪੰਜਾਬ ਨਿਊਜ਼

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਨ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੀ ਹੋਈ ਮੀਟਿੰਗ

Published

on

ਲੁਧਿਆਣਾ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਭਰਵੀਂ ਮੀਟਿੰਗ ਸੂਬਾ ਪ੍ਰਧਾਨ ਡਾ ਦਰਸ਼ਨਪਾਲ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਬੀਬੀ ਅਮਰ ਕੌਰ ਯਾਦਗਾਰੀ ਲਾਇਬ੍ਰੇਰੀ ਹਾਲ ਵਿੱਚ ਹੋਈ। ਜਿਸ ਵਿੱਚ ਸੂਬਾ ਕਮੇਟੀ ਦੇ ਆਗੂ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਮੀਤ ਪ੍ਰਧਾਨ ਰੇਸ਼ਮ ਸਿੰਘ ਮਿੱਡਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਇਸ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਹਾਜ਼ਰ ਹੋਏ।

ਜਾਣਕਾਰੀ ਦਿੰਦਿਆਂ ਡਾ ਦਰਸ਼ਨ ਪਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੂਰੇ ਜ਼ੋਰ ਨਾਲ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਮੋਰਚੇ ਵੱਲੋਂ 18 ਜੁਲਾਈ ਤੋਂ 30 ਜੁਲਾਈ ਤਕ ਪੂਰੇ ਭਾਰਤ ਵਿੱਚ ਕਿਸਾਨ ਸੰਮੇਲਨ ਕਰਨ ਤੋਂ ਬਾਅਦ 31 ਜੁਲਾਈ ਨੂੰ ਦੇਸ਼ ਭਰ ਵਿੱਚ ਚਾਰ ਘੰਟੇ ਲਈ ਚੱਕਾ ਜਾਮ ਕੀਤਾ ਜਾਵੇਗਾ ।

ਇਸ ਤੋਂ ਇਲਾਵਾ 7 ਅਗਸਤ ਤੋਂ 14 ਅਗਸਤ ਤੱਕ ਜੈ ਜਵਾਨ ਜੈ ਕਿਸਾਨ ਜੈ ਨੌਜਵਾਨ ਸੰਮੇਲਨ ਕਰਕੇ ਕੇਂਦਰ ਸਰਕਾਰ ਵੱਲੋਂ ਫੌਜ ਦੀ ਭਰਤੀ ਵਿਚ ਲਿਆਂਦੀ ਗਈ ਅਗਨੀਪੱਥ ਯੋਜਨਾ ਦਾ ਵਿਰੋਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲਖੀਮਪੁਰ ਖੀਰੀ ਵਿੱਚ 18,19,20 ਅਗਸਤ ਨੂੰ 75 ਘੰਟੇ ਦਾ ਸੰਕੇਤਕ ਦੇਸ਼ ਪੱਧਰਾ ਧਰਨਾ ਦਿੱਤਾ ਜਾਵੇਗਾ ।

ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ 75ਵੀਂ ਆਜ਼ਾਦੀ ਦੀ ਵਰ੍ਹੇਗੰਢ ਮਨਾ ਰਿਹਾ ਹੈ ਉਥੇ ਕਿਸਾਨਾਂ ਨੂੰ ਦਰੜ ਕੇ ਮਾਰਨ ਵਾਲੇ ਦੋਸ਼ੀ ਅਜੈ ਮਿਸ਼ਰਾ ਟੈਨੀ ਨੂੰ ਬਰਖਾਸਤ ਨਹੀਂ ਕੀਤਾ ਗਿਆ ਅਤੇ ਉਲਟਾ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ । ਦੇਸ਼ ਦਾ ਕਿਸਾਨ ਅੱਜ ਵੀ ਐੱਮਐੱਸਪੀ ਲਈ ਲੜਾਈ ਲੜ ਰਿਹਾ ਹੈ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਦਿੱਲੀ ਅੰਦੋਲਨ ਸਮਾਪਤ ਕਰਨ ਵੇਲੇ ਕੇਸ ਵਾਪਸੀ ਦਾ ਮੁੱਦਾ ਅੱਜ ਤੱਕ ਵਿਚਾਲੇ ਹੀ ਲਟਕਿਆ ਪਿਆ ਹੈ।

ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਨੂੰ ਇਕਜੁੱਟ ਅਤੇ ਵਿਸ਼ਾਲ ਕਰਨ ਲਈ ਜੋਰਦਾਰ ਯਤਨ ਕਰਦੀ ਰਹੇਗੀ। ਵਿਸ਼ਾਲ ਏਕਤਾ ਨਾਲ ਹੀ ਜਾਬਰ ਸਰਕਾਰ ਨੂੰ ਹਰਾਇਆ ਅਤੇ ਚੁਕਾਇਆ ਜਾ ਸਕਦਾ ਹੈ ਤੇ ਕਿਸਾਨਾਂ ਲਈ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ ।

Facebook Comments

Trending

Copyright © 2020 Ludhiana Live Media - All Rights Reserved.