ਪੰਜਾਬੀ

ਮੀਤ ਹੇਅਰ ਤੇ ਡਾ.ਨਿੱਜਰ ਨੇ ਨਗਰ ਨਿਗਮ ਦੇ ਸੇਵਾ ਕੇਂਦਰ ਦੀ ਕੀਤੀ ਅਚਨਚੇਤੀ ਚੈਕਿੰਗ

Published

on

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਮੁਹੱਈਆ ਕਰਨ ਦੀ ਵਚਵਬੱਧਤਾ ਉਤੇ ਚੱਲਦਿਆਂ ਲੋਕਾਂ ਦੇ ਪੈਂਡਿੰਗ ਕੇਸਾਂ ਦਾ ਅਸਲ ਮੁਆਇਨਾ ਕਰਨ ਅਤੇ ਜ਼ਮੀਨੀ ਹਕੀਕਤਾਂ ਜਾਣਨ ਲਈ ਪੰਜਾਬ ਦੇ ਪ੍ਰਸ਼ਾਸਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਸਥਾਨਕ ਬੱਸ ਅੱਡੇ ਨੇੜੇ ਨਗਰ ਨਿਗਮ ਲੁਧਿਆਣਾ ਅਧੀਨ ਚੱਲਦੇ ਸੇਵਾ ਕੇਂਦਰ ਦਾ ਅਚਨਚੇਤੀ ਚੈਕਿੰਗ ਕੀਤੀ।

ਸੇਵਾ ਕੇਂਦਰਾਂ ਰਾਹੀਂ ਮੁਹੱਈਆ ਕਰਵਾਈਆਂ ਜਾਂਦੀਆਂ ਨਾਗਰਿਕ ਸੇਵਾਵਾਂ ਦੇ ਮਾਮਲੇ ਵਿੱਚ ਨਗਰ ਨਿਗਮ ਦੇ ਕੁਝ ਕਰਮੀਆਂ ਵੱਲੋਂ ਬੇਲੋੜੇ ਇਤਰਾਜ਼ਾਂ ਨਾਲ ਭੇਜੇ ਜਾਂਦੇ ਕੇਸਾਂ ਦਾ ਨਿਰੀਖਣ ਕਰਨ ਉਪਰੰਤ ਦੋਵੇਂ ਮੰਤਰੀ ਸੇਵਾ ਕੇਂਦਰ ਪੁੱਜੇ ਅਤੇ ਸਬੰਧਤ ਕਰਮੀਆਂ ਤੋਂ ਇਨਾਂ ਬਾਰੇ ਪੁੱਛ ਪੜਤਾਲ ਕੀਤੀ। ਇਸ ਦੇ ਨਾਲ ਹੀ ਪੈਂਡਿੰਗ ਕੇਸਾਂ ਪਿੱਛੇ ਮੰਦਭਾਵਨਾ ਦਾ ਪਤਾ ਲਗਾਉਣ ਲਈ ਨਗਰ ਨਿਗਮ ਕਮਿਸ਼ਨਰ ਡਾ.ਸ਼ੇਨਾ ਅੱਗਰਵਾਲ ਦੀ ਅਗਵਾਈ ਹੇਠ ਕਮੇਟੀ ਬਣਾ ਦਿੱਤੀ ਜੋ ਇਸ ਮਾਮਲੇ ਦੀ ਪੜਤਾਲ ਕਰੇਗੀ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਦੀ ਸਹੂਲਤ ਲਈ ਨਿਰਵਿਘਨ ਸੇਵਾਵਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੀਤ ਹੇਅਰ ਅਤੇ ਡਾ. ਨਿੱਜਰ ਨੇ ਦੱਸਿਆ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਹਰੇਕ ਫਾਈਲ ਦਾ ਉਪਰਲੇ ਪੱਧਰ ‘ਤੇ ਡੂੰਘਾਈ ਨਾਲ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਲਈ ਈ-ਗਵਰਨੈਂਸ ਨੂੰ ਅਪਣਾ ਕੇ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਣਾਲੀ ਵਿੱਚ ਵੱਡੇ ਸੁਧਾਰ ਲਿਆਉਣ ਲਈ 24 ਘੰਟੇ ਕੰਮ ਕਰ ਰਹੀ ਹੈ।

ਕੈਬਨਿਟ ਮੰਤਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ‘ਤੇ ਹੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਯੋਜਨਾ ਉਲੀਕ ਰਹੀ ਹੈ ਤਾਂ ਜੋ ਲੋਕਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਲਈ ਕਤਾਰਾਂ ਵਿੱਚ ਨਾ ਖੜ੍ਹਨਾ ਪਵੇ ਅਤੇ ਸਰਕਾਰੀ ਦਫ਼ਤਰਾਂ ਵਿੱਚ ਵਾਰ-ਵਾਰ ਨਾ ਜਾਣਾ ਪਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਲਈ ਇੱਕ ਵਿਧੀ ਤਿਆਰ ਕਰ ਰਹੀ ਹੈ, ਜਿਸ ਤਹਿਤ ਘਰ-ਘਰ ਜਾ ਕੇ ਬਿਨੈਕਾਰ ਤੋਂ ਵੱਖ-ਵੱਖ ਸੇਵਾਵਾਂ ਲਈ ਦਸਤਾਵੇਜ਼ ਇਕੱਠੇ ਕੀਤੇ ਜਾਣਗੇ ਅਤੇ ਬਾਅਦ ਵਿੱਚ ਉਹਨਾਂ ਨੂੰ ਵਾਪਸ ਭੇਜ ਦਿੱਤੇ ਜਾਣਗੇ।

Facebook Comments

Trending

Copyright © 2020 Ludhiana Live Media - All Rights Reserved.