ਮਨੀਮਾਜਰਾ ਦੇ ਮਾੜੀਵਾਲਾ ਟਾਊਨ ਚ ਇਕ ਪਤੀ ਨੇ ਆਪਣੀ ਪਤਨੀ ਤੇ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿਤਾ ਸੀ। ਦਸ ਦਈਏ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਪਤੀ ਫਰਾਰ ਗਿਆ ਸੀ। ਮ੍ਰਿਤਕ ਔਰਤ ਦੀ ਪਹਿਚਾਣ ਮਨਜੀਤ ਕੌਰ ਦੇ ਰੂਪ ਚ ਹੋਈ ਹੈ ਜਿਸਦੀ ਉਮਰ 42 ਸਾਲ ਹੈ ਅਤੇ ਆਰੋਪੀ ਪਤੀ ਦੀ ਪਹਿਚਾਣ ਜਰਨੈਲ ਸਿੰਘ ਦੇ ਰੂਪ ਚ ਹੋਈ ਜਿਸਦੀ ਉਮਰ 45 ਸਾਲ ਹੈ। ਮਨੀਮਾਜਰਾ ਥਾਣਾ ਪੁਲਸ ਨੇ ਵੀਰਵਾਰ ਸਵੇਰੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮੁਲਜ਼ਮ ਨੂੰ ਇਲਾਕੇ ‘ਚ ਹੀ ਪਟਰੋਲ ਪੰਪ ਨੇੜੇ ਘੁੰਮਦੇ ਹੋਏ ਕਾਬੂ ਕੀਤਾ।

ਪੁਲਸ ਨੇ ਜਰਨੈਲ ਨੂੰ ਗ੍ਰਿਫਤਾਰ ਕਰਕੇ ਜ਼ਿਲ੍ਹਾ ਅਦਾਲਤ ‘ਚ ਪੇਸ਼ ਕੀਤਾ, ਜਿੱਥੇ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੁਲਸ ਉਸ ਤੋਂ ਕੇਸ ਨਾਲ ਸਬੰਧਤ ਹੋਰ ਜ਼ਰੂਰੀ ਪੁੱਛਗਿੱਛ ਕਰੇਗੀ। ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਰਨੈਲ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ। ਕੁਝ ਦੂਰ ਜਾ ਕੇ ਉਸਨੇ ਆਪਣੇ ਖੂਨ ਨਾਲ ਲਿਬੜੇ ਹੋਏ ਕੱਪੜੇ ਉਤਾਰ ਦਿੱਤੇ ਸੀ। ਇਸ ਤੋਂ ਬਾਅਦ ਉਹ ਤੁਰੰਤ ਕਿਸ਼ਨਗੜ੍ਹ ‘ਚ ਆਪਣੇ ਰਿਸ਼ਤੇਦਾਰ ਦੇ ਘਰ ਲੁਕਣ ਲਈ ਪਹੁੰਚਿਆ ਪਰ ਸਵੇਰ ਹੋਣ ‘ਤੇ ਉਸ ਵਲੋਂ ਆਪਣੀ ਪਤਨੀ ਦਾ ਕਤਲ ਕਰਨ ਦੀ ਸੂਚਨਾ ਸ਼ਹਿਰ ‘ਚ ਫੈਲ ਚੁੱਕੀ ਸੀ।

ਇਧਰ-ਉੱਧਰ ਭਟਕਣ ਤੋਂ ਬਾਅਦ ਵੀਰਵਾਰ ਸਵੇਰੇ ਉਹ ਮਨੀਮਾਜਰਾ ਸਥਿਤ ਪਟਰੋਲ ਪੰਪ ਦੇ ਪਿੱਛੇ ਪਹੁੰਚਿਆ ਸੀ ਅਤੇ ਇੱਥੇ ਉਸਨੂੰ ਦੇਖਕੇ ਕਿਸੇ ਨੇ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਟੀਮ ਤੁਰੰਤ ਉੱਥੇ ਪਹੁੰਚੀ ਅਤੇ ਆਰੋਪੀ ਨੂੰ ਕਾਬੂ ਕਰ ਲਿਆ। ਇਸ ਤੋਂ ਇਲਾਵਾ ਪੁਲਸ ਜਾਂਚ ‘ਚ ਸਾਹਮਣੇ ਆਇਆ ਸੀ ਕਿ ਮਨਜੀਤ ਕੌਰ ਦਾ ਪਤੀ ਜਰਨੈਲ ਸਿੰਘ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਹ ਮਨਜੀਤ ‘ਤੇ ਸ਼ੱਕ ਕਰਦਾ ਸੀ, ਜਿਸ ਦੋਵਾਂ ਵਿਚਕਾਰ ਲੜਾਈ ਹੁੰਦੀ ਸੀ। ਮੰਗਲਵਾਰ ਸਵੇਰੇ ਦੋਵਾਂ ਵਿਚਕਾਰ ਵਿਵਾਦ ਹੋਇਆ ਤਾਂ ਜਰਨੈਲ ਸਿੰਘ ਨੇ ਘਰ ‘ਚ ਰੱਖੀ ਕੁਹਾੜੀ ਨਾਲ ਮਨਜੀਤ ਕੌਰ ਦੇ ਮੂੰਹ ‘ਤੇ ਵਾਰ ਕੀਤਾ। ਜਿਸ ਨਾਲ ਮਨਜੀਤ ਕੌਰ ਦੀ ਮੌਕੇ ਤੇ ਹੋ ਮੌਤ ਹੋ ਗਈ।
