ਮੁਕੇਰੀਆਂ: ਮੁਕੇਰੀਆਂ-ਪਠਾਨਕੋਟ ਮੁੱਖ ਮਾਰਗ ’ਤੇ ਅੱਡਾ ਮਿਲਵਾਂ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਪਤੀ-ਪਤਨੀ ਦੀ ਮੌਤ ਹੋ ਗਈ।ਇਹ ਹਾਦਸਾ ਮੋਟਰਸਾਈਕਲ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਕਾਰਨ ਵਾਪਰਿਆ। ਮ੍ਰਿਤਕਾਂ ਦੀ ਪਛਾਣ ਅਮਰਜੀਤ ਸਿੰਘ (27) ਅਤੇ ਉਸ ਦੀ ਪਤਨੀ ਰਮਨਜੀਤ ਕੌਰ (25) ਵਜੋਂ ਹੋਈ ਹੈ, ਜੋ ਕਿ ਪਠਾਨਕੋਟ ਨੇੜਲੇ ਪਿੰਡ ਤਾਰਾਗੜ੍ਹ ਦੇ ਰਹਿਣ ਵਾਲੇ ਸਨ।
ਇਹ ਜੋੜਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਲੁਧਿਆਣਾ ‘ਚ ਕਿਸੇ ਰਿਸ਼ਤੇਦਾਰ ਦੇ ਵਿਆਹ ‘ਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਕਿ ਮੁਕੇਰੀਆਂ-ਪਠਾਨਕੋਟ ਮੁੱਖ ਮਾਰਗ ‘ਤੇ ਅੱਡਾ ਮਿਲਵਾਂ ਨੇੜੇ ਉਨ੍ਹਾਂ ਦੇ ਮੋਟਰਸਾਈਕਲ ਅਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।ਦੋਵਾਂ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਸਥਾਨਕ ਲੋਕਾਂ ਨੇ ਜ਼ਖਮੀ ਅਮਰਜੀਤ ਨੂੰ ਤੁਰੰਤ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਅਤੇ ਉਸ ਦੀ ਪਤਨੀ ਰਮਨਜੀਤ ਕੌਰ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਦੋਵਾਂ ਦੀ ਮੌਤ ਹੋ ਗਈ।