ਲੁਧਿਆਣਾ: ਲੁਧਿਆਣਾ ਦੇ ਲੋਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਦੱਸ ਦੇਈਏ ਕਿ ਲੁਧਿਆਣਾ ਨਗਰ ਨਿਗਮ ਦੇ ਮੇਅਰ ਦਾ ਐਲਾਨ ਹੋ ਗਿਆ ਹੈ। ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਲੁਧਿਆਣਾ ਦਾ ਨਵਾਂ ਮੇਅਰ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ।ਰਾਕੇਸ਼ ਪਰਾਸ਼ਰ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਪ੍ਰਿੰਸ ਜੌਹਰ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ।
ਇਸ ਸਬੰਧੀ ਪੰਜਾਬ ਦੇ ਸੀ.ਐਮ. ਭਗਵੰਤ ਮਾਨ ਦਾ ਟਵੀਟ ਵੀ ਸਾਹਮਣੇ ਆਇਆ ਹੈ। ਸੀ.ਐਮ. ਮਾਨ ਨੇ ਕਿਹਾ, ”ਆਮ ਆਦਮੀ ਪਾਰਟੀ ਨੇ ਲੁਧਿਆਣਾ ਕਾਰਪੋਰੇਸ਼ਨ ਦੇ ਮੇਅਰ ਦੇ ਅਹੁਦੇ ਲਈ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਲਈ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਲਈ ਪ੍ਰਿੰਸ ਜੌਹਰ ਨੂੰ ਉਮੀਦਵਾਰ ਬਣਾਇਆ ਹੈ। ਇਨ੍ਹਾਂ ਤਿੰਨਾਂ ਉਮੀਦਵਾਰਾਂ ਅਤੇ ਕੌਂਸਲਰਾਂ ਨੂੰ ਅਗਾਊਂ ਸ਼ੁਭਕਾਮਨਾਵਾਂ।
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਸ਼ਹਿਰ ਨੂੰ ਮਹਿਲਾ ਮੇਅਰ ਮਿਲੀ ਹੈ। ਲੁਧਿਆਣਾ ਦੇ ਮੇਅਰ ਦੀ ਸੀਟ ਮਹਿਲਾ ਕੌਂਸਲਰਾਂ ਲਈ ਰਾਖਵੀਂ ਹੈ। ਅੱਜ 20 ਜਨਵਰੀ ਨੂੰ ਲੁਧਿਆਣਾ ਨੂੰ ਆਪਣਾ 7ਵਾਂ ਮੇਅਰ ਮਿਲਿਆ ਹੈ। ਇਸ ਸਬੰਧੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ।