ਚੰਡੀਗੜ੍ਹ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਆ ਰਹੀਆਂ ਹਨ। ਦਰਅਸਲ ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਬਾਰਿਸ਼ ਜਾਰੀ ਹੈ, ਜਿਸ ਕਾਰਨ ਭਾਰੀ ਤਬਾਹੀ ਹੋਣ ਕਾਰਨ 77 ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ 6 ਅਗਸਤ ਦੀ ਰਾਤ ਨੂੰ ਵੈਸਟਰਨ ਡਿਸਟਰਬੈਂਸ ਸ਼ੁਰੂ ਹੋਣ ਕਾਰਨ 7 ਤੋਂ 12 ਅਗਸਤ ਤੱਕ ਪੰਜਾਬ-ਹਰਿਆਣਾ ‘ਚ ਬਾਰਿਸ਼ ਹੋਵੇਗੀ, ਜਿਸ ਲਈ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।
ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਹੋ ਰਹੀ ਬਾਰਿਸ਼ ਪੰਜਾਬ ‘ਚ ਤਬਾਹੀ ਮਚਾ ਸਕਦੀ ਹੈ। ਦਰਅਸਲ ਪਹਾੜੀ ਸੂਬੇ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਘੱਗਰ ਨਦੀ ਦੇ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਆਸਪਾਸ ਦੇ ਇਲਾਕੇ ਖ਼ਤਰੇ ‘ਚ ਹਨ। ਘੱਗਰ ਦਰਿਆ ਵਿੱਚ ਪਿਛਲੇ 24 ਘੰਟਿਆਂ ਵਿੱਚ ਪਾਣੀ ਦਾ ਪੱਧਰ 6.5 ਫੁੱਟ ਵਧ ਗਿਆ ਹੈ। ਸੰਗਰੂਰ ਦੇ ਖਨੌਰੀ ਵਿੱਚ ਕੱਲ੍ਹ ਪਾਣੀ ਦਾ ਪੱਧਰ 726 ਫੁੱਟ ਅਤੇ ਸਵੇਰੇ 7 ਵਜੇ 732.5 ਫੁੱਟ ਸੀ, ਜੋ ਲਗਾਤਾਰ ਵਧ ਰਿਹਾ ਹੈ।