ਪੰਜਾਬ ਨਿਊਜ਼

ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਰਹਿਣ ਵਾਲੀ ਗਾਇਕਾ ਸਵਰਗੀ ਗੁਰਮੀਤ ਬਾਵਾ ਨੂੰ ਦੇਸ਼ ਦੇ ਦੂਜੇ ਸਰਵਉੱਚ ਨਾਗਰਿਕ ਪੁਰਸਕਾਰ ‘ਪਦਮ ਭੂਸ਼ਣ’ ਨਾਲ ਨਿਵਾਜਿਆ

Published

on

21 ਨਵੰਬਰ ਨੂੰ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦਿਹਾਂਤ ਦੇ ਨਾਲ ਗਾਇਕੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਸੀ। ਲੰਮੀ ਹੇਕ ਲਈ ਜਾਣੀ ਜਾਂਦੀ ਗੁਰਮੀਤ ਬਾਵਾ ਕਰੀਬ 77 ਸਾਲ ਦੀ ਉਮਰ ‘ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਕਲਾ ਦੇ ਖ਼ੇਤਰ ‘ਚ ਗਾਇਕੀ ਰਾਹੀਂ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਰਹਿਣ ਵਾਲੇ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਰਵਉੱਚ ਨਾਗਰਿਕ ਪੁਰਸਕਾਰ ‘ਪਦਮ ਭੂਸ਼ਣ’ ਨਾਲ ਨਿਵਾਜਿਆ ਗਿਆ ਹੈ।

ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀ ਮਾਂ ਨੂੰ ਦਿੱਤੇ ਜਾ ਰਹੇ ਸਨਮਾਨ ਤੋਂ ਉਹ ਖੁਸ਼ ਹੈ ਪਰ ਜੇਕਰ ਉਨ੍ਹਾਂ ਦੀ ਮਾਂ ਖ਼ੁਦ ਇਹ ਸਨਮਾਨ ਪ੍ਰਾਪਤ ਕਰਦੇ ਤਾਂ ਖੁਸ਼ੀ ਦੁੱਗਣੀ ਹੋ ਜਾਂਦੀ। ਜੇਕਰ ਅੱਜ ਮੇਰੀ ਮਾਂ ਗੁਰਮੀਤ ਬਾਵਾ ਇਸ ਦੁਨੀਆਂ ‘ਚ ਹੁੰਦੇ ਤਾਂ ਪਰਿਵਾਰ ਦੇ ਨਾਲ-ਨਾਲ ਕਲਾ ਖ਼ੇਤਰ ਨਾਲ ਜੁੜੇ ਲੋਕਾਂ ਦੀਆਂ ਖੁਸ਼ੀਆਂ ‘ਚ ਵੀ ਕਈ ਗੁਣਾ ਵਾਧਾ ਹੁੰਦਾ। ਉਨ੍ਹਾਂ ਇਸ ਸਨਮਾਨ ਲਈ ਕੇਂਦਰ ਸਰਕਾਰ ਦਾ ਵੀ ਧੰਨਵਾਦ ਕੀਤਾ। ਗੁਰਮੀਤ ਬਾਵਾ ਦੇ ਪਤੀ ਕਿਰਪਾਲ ਬਾਵਾ ਨੇ ਵੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।

ਦੱਸਣਯੋਗ ਹੈ ਕਿ ਗੁਰਮੀਤ ਬਾਵਾ ਨੇ ਲੋਕ ਸਾਜ਼, ਚਿਮਟਾ, ਅਲਗੋਜ਼ੇ ਤੇ ਢੋਲਕ ਦੇ ਨਾਲ ਆਖਰੀ ਸਮੇਂ ਤਕ ਆਪਣਾ ਪ੍ਰੋਗਰਾਮ ਪੇਸ਼ ਕੀਤਾ। ਗੁਰਮੀਤ ਬਾਵਾ ਜਦੋਂ ਵੀ ਸਟੇਜ ਤੋਂ ਲੋਕ ਗੀਤ ਮਿਰਜ਼ਾ ਗਾਉਂਦਾ ਸੀ ਤਾਂ ਸਮਾਂ ਰੁਕ ਜਾਂਦਾ ਸੀ। ਪੰਜਾਬੀ ਲੋਕ ਗਾਇਕੀ ‘ਚ 45 ਸੈਕਿੰਡ ਦੀ ਹੇਕ ਲਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੈ। ਉਨ੍ਹਾਂ ਨੂੰ ਕਈ ਕੌਮੀ ਤੇ ਕੌਮਾਂਤਰੀ ਪੁਰਸਕਾਰ ਮਿਲੇ ਹਨ। ਪੰਜਾਬੀ ਲੋਕ ਸੰਗੀਤ ‘ਚ ਉਨ੍ਹਾਂ ਦਾ ਯੋਗਦਾਨ ਅਮਿੱਟ ਹੈ।

ਸਾਲ 2019 ‘ਚ ਲੋਕ ਗਾਇਕਾ ਗੁਰਮੀਤ ਕੌਰ ਬਾਵਾ ਨੂੰ ਨਿਊਜ਼ੀਲੈਂਡ ਦੀ ਪਾਰਲੀਮੈਂਟ ‘ਚ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਨਮਾਨ ਮਿਲਿਆ ਸੀ। ਗੁਰਮੀਤ ਬਾਵਾ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਐਵਾਰਡ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ‘ਰਾਸ਼ਟਰਪਤੀ ਪੁਰਸਕਾਰ’ ਤੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ‘ਪੰਜਾਬ ਗੌਰਵ’ ਪੁਰਸਕਾਰ ਵੀ ਮਿਲ ਚੁੱਕੇ ਹਨ।

Facebook Comments

Trending

Copyright © 2020 Ludhiana Live Media - All Rights Reserved.