ਇੰਡੀਆ ਨਿਊਜ਼

ਲਾਡੋਵਾਲ ਟੋਲ ਪਲਾਜ਼ਾ ’ਤੇ ਹੁਣ ਬਿਨਾਂ ਫਾਸਟ ਟੈਗ ਲੱਗੇ ਵਾਹਨ ਚਾਲਕਾਂ ਤੋਂ ਵਸੂਲੀ ਜਾਵੇਗੀ ਦੁੱਗਣੀ ਫ਼ੀਸ

Published

on

ਲੁਧਿਆਣਾ :    ਲਾਡੋਵਾਲ ਟੋਲ ਪਲਾਜ਼ਾ ਤੋਂ ਬਿਨਾਂ ਫਾਸਟ ਟੈਗ ਲੱਗੇ ਵਾਹਨ ਚਾਲਕਾਂ ਤੋਂ ਹੁਣ ਟੋਲ ਮੁਲਾਜ਼ਮ ਦੁੱਗਣੀ ਫ਼ੀਸ ਵਸੂਲਣਗੇ, ਜਿਸ ਸਬੰਧੀ ਟੋਲ ਪਲਾਜ਼ਾ ਵੱਲੋਂ ਪਿਛਲੇ ਕਈ ਦਿਨਾਂ ਤੋਂ ਟੋਲ ਪਲਾਜ਼ਾ ’ਤੇ ਬੈਨਰ ਲਗਾ ਕੇ ਵਾਹਨ ਚਾਲਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਗਈ ਸੀ।

ਸੋਮਵਾਰ ਤੋਂ ਟੋਲ ਪਲਾਜ਼ਾ ਨੇ ਅਮਲ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕਾਰਨ ਪਲਾਜ਼ਾ ’ਤੇ ਜਦੋਂ ਵਾਹਨ ਚਾਲਕਾਂ ਤੋਂ ਦੁੱਗਣੀ ਫ਼ੀਸ ਵਸੂਲਣੀ ਸ਼ੁਰੂ ਕੀਤੀ ਤਾਂ ਟੋਲ ਪਲਾਜ਼ਾ ’ਤੇ ਕਈ ਵਾਹਨ ਚਾਲਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਹੰਗਾਮੇ ਕਾਰਨ ਟੋਲ ਪਲਾਜ਼ਾ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗਣ ਕਾਰਨ ਕਰੀਬ ਇਕ ਘੰਟੇ ਤੱਕ ਜਾਮ ਲੱਗਾ ਰਿਹਾ।

ਜ਼ਿਕਰਯੋਗ ਹੈ ਕਿ ਪਿਛਲੇ 14 ਮਹੀਨੇ ਟੋਲ ਬੰਦ ਰਹਿਣ ਕਾਰਨ ਕਈ ਵਾਹਨ ਚਾਲਕਾਂ ਨੇ ਵਾਹਨਾਂ ’ਤੇ ਟੈਗ ਨਹੀਂ ਲਗਵਾਏ ਸਨ। ਹੁਣ ਜਦੋਂ ਕਿਸਾਨ ਸੰਘਰਸ਼ ਖ਼ਤਮ ਹੋਣ ਤੋਂ ਬਾਅਦ ਟੋਲ ਪਲਾਜ਼ਾ ਸ਼ੁਰੂ ਕੀਤੇ ਗਏ ਹਨ ਤਾਂ ਪਹਿਲਾਂ ਕੁੱਝ ਦਿਨ ਤੱਕ ਹਰ ਵਾਹਨ ਚਾਲਕ ਤੋਂ ਇਕ ਪਾਸੇ ਦੀ ਸਿੰਗਲ ਫ਼ੀਸ ਵਸੂਲੀ ਜਾ ਰਹੀ ਸੀ ਪਰ ਹੁਣ ਜਦੋਂ ਟੋਲ ਪੂਰੀ ਤਰ੍ਹਾਂ ਚੱਲਣ ਲੱਗੇ ਹਨ ਤਾਂ ਟੋਲ ਪਲਾਜ਼ਾ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਫਾਸਟ ਟੈਗ ਤੋਂ ਬਿਨਾਂ ਵਾਹਨ ਗੁਜ਼ਰਨ ’ਤੇ ਦੁੱਗਣੀ ਫ਼ੀਸ ਲੈਣੀ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਸਰਫਰਾਜ਼ ਖਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ 1 ਜਨਵਰੀ 2021 ਨੂੰ ਹੁਕਮ ਜਾਰੀ ਕੀਤਾ ਗਿਆ ਸੀ ਕਿ ਹਰ ਵਾਹਨ ਚਾਲਕ ’ਤੇ ਫਾਸਟ ਟੈਗ ਲੱਗਣਾ ਜ਼ਰੂਰੀ ਹੈ ਕਿਉਂਕਿ ਜੇਕਰ ਵਾਹਨ ’ਤੇ ਫਾਸਟ ਟੈਗ ਲੱਗਾ ਹੋਵੇਗਾ ਤਾਂ ਟੋਲ ’ਤੇ ਸਮਾਂ ਘੱਟ ਲੱਗੇਗਾ ਅਤੇ ਵਾਹਨ ਚਾਲਕ ਕੈਸ਼ ਲੈੱਸ ਤਰੀਕੇ ਨਾਲ ਆਪਣਾ ਟੋਲ ਦੇ ਕੇ ਗੁਜ਼ਰ ਸਕਣਗੇ। ਸੋਮਵਾਰ ਤੋਂ ਬਿਨਾਂ ਫਾਸਟ ਟੈਗ ਵਾਹਨ ਚਾਲਕਾਂ ਤੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਨਿਰਦੇਸ਼ ਮੁਤਾਬਕ ਹੀ ਦੁੱਗਣੀ ਫ਼ੀਸ ਵਸੂਲ ਰਹੇ ਹਾਂ।

Facebook Comments

Trending

Copyright © 2020 Ludhiana Live Media - All Rights Reserved.