ਪੰਜਾਬ ਨਿਊਜ਼

ਸਕੂਲਾਂ ‘ਚ ਸਿੱਖਿਆ ਬੋਰਡ ਦੀ ਮਨਜ਼ੂਰੀ ਤੋਂ ਬਿਨਾਂ ਸਿਲੇਬਸ ‘ਚ ਪੜ੍ਹਾਇਆ ਜਾ ਰਿਹਾ ਕਿਸਾਨ ਅੰਦੋਲਨ

Published

on

ਜਗਰਾਉਂ (ਲੁਧਿਆਣਾ) ਪੰਜਾਬ ਦੇ ਕੁਝ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਬਾਰੇ ਪੜ੍ਹਾਇਆ ਜਾ ਰਿਹਾ ਹੈ ਅਤੇ ਇਹ ਸਭ ਕੁਝ ਪੰਜਾਬ ਸਿੱਖਿਆ ਬੋਰਡ ਦੀ ਪ੍ਰਵਾਨਗੀ ਤੋਂ ਬਿਨਾਂ ਕੀਤਾ ਜਾ ਰਿਹਾ ਹੈ। ਇੱਕ ਸਾਲ ਤੋਂ ਵੱਧ ਸਮੇਂ ਤਕ ਚੱਲੇ ਕਿਸਾਨ ਅੰਦੋਲਨ ਨੂੰ ਪੰਜਾਬ ਦੇ ਕਈ ਪ੍ਰਾਈਵੇਟ ਸਕੂਲਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਸ ਨੂੰ ਇੱਕ ਨਿੱਜੀ ਪ੍ਰਕਾਸ਼ਕ ਵੱਲੋਂ ਛੇਵੀਂ ਜਮਾਤ ਦੀ ਪੰਜਾਬੀ ਦੀ ਕਿਤਾਬ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਇਸ ਕਿਤਾਬ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਜਾਜ਼ਤ ਨਹੀਂ ਲਈ ਗਈ ਹੈ। ‘ਮੋਹ ਦੀਆ ਤੰਦਾਂ ‘ ਨਾਂ ਦੀ ਪੰਜਾਬੀ ਪੁਸਤਕ ਪੰਜ ਪੰਨਿਆਂ ਵਿਚ ਇਕ ਅਧਿਆਏ ਵਜੋਂ ਕਿਸਾਨ ਅੰਦੋਲਨ ਨੂੰ ਕਵਰ ਕਰਦੀ ਹੈ। ਪੁਸਤਕ ਦੇ ਲੇਖਕ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਪੰਜਾਬ ਦੇ ਪ੍ਰਧਾਨ ਡਾ: ਜਗਜੀਤ ਸਿੰਘ ਧੂਰੀ ਦਾ ਕਹਿਣਾ ਹੈ ਕਿ ਪੁਸਤਕ ਨੂੰ ਨਿੱਜੀ ਪ੍ਰਕਾਸ਼ਕ ਗਲੋਬਲ ਲਰਨਿੰਗ ਸਲਿਊਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।

ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਪਾਠ ਪੁਸਤਕਾਂ ਦੀ ਸਮੱਗਰੀ ਨੂੰ ਸੋਧਿਆ ਨਹੀਂ ਗਿਆ ਹੈ। ਇਸ ਲਈ ਇਸ ਪੁਸਤਕ ਨੂੰ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਵਿੱਚ ਸ਼ਾਮਲ ਕਰਵਾਉਣ ਲਈ ਉਹ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ। ਪੁਸਤਕ ਦੇ ਲੇਖਕ ਡਾ: ਜਗਜੀਤ ਸਿੰਘ ਧੂਰੀ ਦਾ ਦਾਅਵਾ ਹੈ ਕਿ 100 ਤੋਂ ਵੱਧ ਪ੍ਰਾਈਵੇਟ ਸਕੂਲਾਂ ਨੇ ਇਸ ਪੁਸਤਕ ਨੂੰ ਆਪਣੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੇ ਚੇਅਰਮੈਨ ਪ੍ਰੋ. ਯੋਗਰਾਜ ਦਾ ਕਹਿਣਾ ਹੈ ਕਿ ਬੋਰਡ ਆਪਣੀਆਂ ਕਿਤਾਬਾਂ ਖੁਦ ਛਾਪਦਾ ਹੈ। ਜੇਕਰ ਕੋਈ ਲੇਖਕ ਆਪਣੀ ਪੁਸਤਕ, ਲੇਖ, ਕਹਾਣੀ ਆਦਿ ਨੂੰ ਬੋਰਡ ਦੇ ਸਿਲੇਬਸ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ ਤਾਂ ਉਸ ਬਾਰੇ ਅਕਾਦਮੀ ਵਿੰਗ ਵਿੱਚ ਪੈਨਲ ਚਰਚਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਇਸ ਨਾਲ ਕਿਸੇ ਦੀ ਧਾਰਮਿਕ ਆਸਥਾ ਜਾਂ ਰਾਸ਼ਟਰੀ ਏਕਤਾ ਨੂੰ ਠੇਸ ਨਾ ਪਹੁੰਚੇ।

Facebook Comments

Trending

Copyright © 2020 Ludhiana Live Media - All Rights Reserved.