ਇੰਡੀਆ ਨਿਊਜ਼

ਕੋਲੇ ਅਤੇ GST ਦੇ ਵਧੇ ਰੇਟਾਂ ਦੇ ਵਿਰੋਧ ‘ਚ ਭੱਠਾ ਐਸੋਸੀਏਸ਼ਨ ਵੱਲੋਂ ਪੂਰੇ ਭਾਰਤ ‘ਚ ਭੱਠੇ ਬੰਦ ਕਰਨ ਦਾ ਐਲਾਨ

Published

on

ਮੁੱਲਾਂਪੁਰ ਦਾਖਾ (ਲੁਧਿਆਣਾ) : ਕੇਂਦਰ ਸਰਕਾਰ ਵੱਲੋਂ ਭੱਠਾ ਸਨਅਤ ਉਪਰ 1 ਫ਼ੀਸਦੀ ਤੋਂ ਵਧਾ ਕੇ 6 ਫ਼ੀਸਦੀ ਜੀ.ਐੱਸ.ਟੀ. ਦਰ ਕਰਨ ਅਤੇ ਕੋਲੇ ਦੇ ਰੇਟਾਂ ‘ਚ ਹੋਏ ਬੇਤਹਾਸ਼ਾ ਵਾਧੇ ਕਰਨ ਦੇ ਵਿਰੋਧ ‘ਚ ਭੱਠਾ ਐਸੋਸੀਏਸ਼ਨ ਪੰਜਾਬ ਅਤੇ ਆਲ ਇੰਡੀਆ ਭੱਠਾ ਐਸੋਸੀਏਸ਼ਨ ਨੇ ਪੂਰੇ ਭਾਰਤ ‘ਚ ਅਣਮਿੱਥੇ ਸਮੇਂ ਲਈ ਭੱਠੇ ਬੰਦ ਕਰਕੇ ਹੜਤਾਲ ਕਰਨ ਦਾ ਬਿਗੁਲ ਵਜਾ ਦਿੱਤਾ ਹੈ। ਉਥੇ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਇਹ ਵੀ ਕਿਹਾ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਪੂਰੇ ਭਾਰਤ ‘ਚ ਭੱਠਿਆਂ ‘ਤੇ ਸੇਲ ਵੀ ਬੰਦ ਕਰ ਦਿੱਤੀ ਜਾਵੇਗੀ।

ਅੱਜ ਮੁੱਲਾਂਪੁਰ ਵਿਖੇ ਭੱਠਾ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਰਮੇਸ਼ ਮੋਹੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਅਤੇ ਆਫਿਸ ਬੀਅਰਸ ਨੇ ਆਲ ਇੰਡੀਆ ਬਰਿੱਕ ਐਂਡ ਟਾਇਲਸ ਮੈਨੂਫੈਕਚਰਜ਼ ਫੈਡਰੇਸ਼ਨ ਵੱਲੋਂ ਅਣਮਿੱਥੇ ਸਮੇਂ ਲਈ ਭੱਠਾ ਬੰਦ ਰੱਖਣ ਦੇ ਫੈਸਲੇ ਦੀ ਹਮਾਇਤ ਕੀਤੀ ਕਿਉ ਕਿ ਭੱਠਿਆਂ ਉਪਰ ਜੀ.ਐੱਸ.ਟੀ. ਦੀ ਕਰ ਦਰ ਵਿਚ ਬੇਤਹਾਸ਼ਾ ਵਾਧਾ ਕੀਤਾ ਗਿਆ ਹੈ। ਜਿਹੜਾ ਕੋਲਾ ਪਿਛਲੇ ਸਾਲ 8000 ਤੋਂ 10000 ਰੁਪਏ ਸੀ ਉਹ ਕੋਲਾ ਹੁਣ 23000 ਤੋਂ 25000 ਪ੍ਰਤੀ ਟਨ ਹੋ ਗਿਆ ਹੈ।

ਇਸ ਦੇ ਵਿਰੋਧ ਵਿਚ ਦਿੱਲੀ ਜੰਤਰ ਮੰਤਰ ਉਪਰ ਦੇਸ਼ ਦੇ ਸਾਰੇ ਭੱਠਾ ਮਾਲਕਾਂ ਨੇ ਧਰਨਾ ਵੀ ਦਿੱਤਾ ਸੀ ਅਤੇ ਫਾਇਨੈਂਸ ਮੰਤਰੀ ਸ਼੍ਰੀਮਤੀ ਸੀਤਾ ਰਮਨ ਕੋਲ ਦੇਸ਼ ਦੇ ਹਰ ਰਾਜ ਅਤੇ ਜਿਲ੍ਹੇ ਵੱਲੋਂ ਇਸ ਵਾਧੇ ਨੂੰ ਵਾਪਸ ਲੈਣ ਲਈ ਗੁਹਾਰ ਵੀ ਲਗਾਈ ਸੀ ਪਰ ਸਰਕਾਰ ਉਪਰ ਕੋਈ ਅਸਰ ਨਹੀ ਹੋਇਆ ਜਿਸ ਤੋਂ ਮਜਬੂਰ ਹੋ ਕੇ ਆਲ ਇੰਡੀਆ ਬਰਿੱਕ ਐਂਡ ਟਾਇਲਸ ਮੈਨੂਫੈਕਚਰਜ਼ ਫੈਡਰੇਸ਼ਨ ਨੇ 23 ਜੂਨ ਨੂੰ ਨਵੀਂ ਦਿੱਲੀ ‘ਚ ਬੈਠਕ ਕੀਤੀ ਅਤੇ ਸਮੂਹ ਦੇਸ਼ ਦੇ ਭੱਠਿਆਂ ਨੂੰ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਸੀ।

ਜਿਸ ਦਾ ਦੇਸ਼ ਦੇ ਸਾਰੇ ਰਾਜਾਂ ਅਤੇ ਪੰਜਾਬ ਦੇ 2700 ਭੱਠਾ ਮਾਲਕਾਂ ਨੇ ਵੀ ਸਮਰਥਨ ਕੀਤਾ ਅਤੇ ਅਣਮਿੱਥੇ ਸਮੇਂ ਉਪਰ ਹੜਤਾਲ ਕਰਨ ਦਾ ਐਲਾਨ ਕੀਤਾ। ਪ੍ਰਧਾਨ ਮੋਹੀ ਨੇ ਕਿਹਾ ਕਿ ਕੇਂਦਰ ਸਰਕਾਰ ਆਏ ਦਿਨ ਨਵੇਂ-ਨਵੇਂ ਕਾਨੂੰਨ ਬਣਾਕੇ ਭੱਠਾ ਉਦਯੋਗ ਨੂੰ ਬੰਦ ਕਰਨ ‘ਤੇ ਤੁਲੀ ਹੋਈ ਹੈ ਜਿਸ ਨਾਲ 1.5 ਤੋਂ 2 ਕਰੋੜ ਮਜਦੂਰ ਅਤੇ ਇਕੱਲੇ ਪੰਜਾਬ ਵਿਚ 2.5 ਲੱਖ ਮਜਦੂਰ ਬੇਰੁਜਗਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੀ.ਐੱਸ.ਟੀ. ਰੇਟਾਂ ਨੂੰ ਵਾਪਸ ਲਵੇ ਅਤੇ ਕੋਲੇ ਦਾ ਕੰਟਰੋਲ ਰੇਟ ‘ਤੇ ਸਪਲਾਈ ਕਰੇ। ਜੇਕਰ ਅਜਿਹਾ ਨਾ ਕੀਤਾ ਤਾਂ ਭੱਠਿਆਂ ‘ਤੇ ਸੇਲ ਵੀ ਬੰਦ ਕਰ ਦਿੱਤੀ ਜਾਵੇਗੀ ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।

Facebook Comments

Trending

Copyright © 2020 Ludhiana Live Media - All Rights Reserved.