ਅਪਰਾਧ

ਖੰਨਾ ਪੁਲਿਸ ਨੇ ਫੜਿਆ ਭਗੌੜਾ ਏਜੰਟ, ਵਿਦੇਸ਼ ਭੇਜਣ ਦੇ ਨਾਂ ਤੇ ਵਿਦਿਆਰਥੀਆਂ ਤੋਂ ਠੱਗੇ 35 ਲੱਖ

Published

on

ਲੁਧਿਆਣਾ : ਖੰਨਾ ਪੁਲਿਸ ਨੇ ਮਾਛੀਵਾੜਾ ਸਾਹਿਬ ‘ਚ 8 ਵਿਦਿਆਰਥੀਆਂ ਤੋਂ 35 ਲੱਖ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਨੂੰ ਕਾਬੂ ਕੀਤਾ ਹੈ। ਇਹ ਏਜੰਟ ਹਰਪ੍ਰੀਤ ਸਿੰਘ ਚੋਪੜਾ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਸੀ, ਪਿਛਲੇ 4 ਸਾਲਾਂ ਤੋਂ ਭਗੌੜਾ ਸੀ। ਉਸ ਦੇ ਪਿਤਾ ਪੰਜਾਬ ਪੁਲਿਸ ਤੋਂ ਸੇਵਾਮੁਕਤ ਇੰਸਪੈਕਟਰ ਹਨ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੂੰ ਇੱਕ ਦਿਨ ਦੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

DSP ਮਨਦੀਪ ਕੌਰ ਨੇ ਦੱਸਿਆ ਕਿ ਸਾਲ 2019 ਵਿੱਚ ਰੀਨਾ ਵਰਮਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਰੀਨਾ ਵਿਦਿਆਰਥੀਆਂ ਨੂੰ ਆਈਲੈਟਸ ਟਿਊਸ਼ਨ ਦਿੰਦੀ ਸੀ। ਉਸ ਦਾ ਸੰਪਰਕ ਹਰਪ੍ਰੀਤ ਸਿੰਘ ਨਾਲ ਹੋਇਆ, ਜੋ ਕਿ ਲੁਧਿਆਣਾ ਵਿੱਚ ਸਟੱਡੀ ਵੀਜ਼ਾ, ਵਰਕ ਪਰਮਿਟ ਅਤੇ ਟੂਰਿਸਟ ਵੀਜ਼ਾ ਦਾ ਕਾਰੋਬਾਰ ਕਰਦਾ ਹੈ। ਹਰਪ੍ਰੀਤ ਨੇ 8 ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਰੀਨਾ ਤੋਂ ਕਰੀਬ 35 ਲੱਖ ਰੁਪਏ ਲਏ ਸਨ।

ਰੀਨਾ ਅਨੁਸਾਰ ਹਰਪ੍ਰੀਤ ਨੇ 6 ਮਹੀਨਿਆਂ ਵਿਚ ਸਾਰੇ 8 ਵਿਦਿਆਰਥੀਆਂ ਦੇ ਵੀਜ਼ੇ ਲਗਵਾਉਣ ਦਾ ਦਾਅਵਾ ਕੀਤਾ ਸੀ ਪਰ ਉਸ ਨੇ ਵਿਦਿਆਰਥੀਆਂ ਨੂੰ ਜਾਅਲੀ ਵੀਜ਼ੇ ਅਤੇ ਟਿਕਟਾਂ ਦਿੱਤੀਆਂ ਸਨ। ਪੁਲਿਸ ਨੇ ਹਰਪ੍ਰੀਤ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। ਪੁਲਿਸ ਨੇ ਮੁਲਜ਼ਮ ਹਰਪ੍ਰੀਤ ਸਿੰਘ ਚੋਪੜਾ ਨੂੰ ਫੜਨ ਲਈ ਕਈ ਵਾਰ ਜਾਲ ਵਿਛਾਇਆ ਪਰ ਉਹ ਫਰਾਰ ਹੋ ਗਿਆ। ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ।

DSP ਮਨਦੀਪ ਕੌਰ ਨੂੰ ਪਤਾ ਲੱਗਾ ਕਿ ਮੁਲਜ਼ਮ ਰਾਤ ਨੂੰ ਲੁਧਿਆਣਾ ਵਿੱਚ ਘਰ ਆਉਂਦਾ ਹੈ। ਪੁਲਿਸ ਨੇ ਇੱਕ ਵਿਅਕਤੀ ਨੂੰ ਉਸਦੇ ਘਰ ਦੇ ਬਾਹਰ ਲਗਾਇਆ। ਜਦੋਂ ਮੁਲਜ਼ਮ ਆਪਣੇ ਘਰ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਅਨੁਸਾਰ ਮੁਲਜ਼ਮ ਨੇ ਪੁਲਿਸ ਤੋਂ ਬਚਣ ਲਈ ਘਰ ਦੇ ਚਾਰੇ ਪਾਸੇ ਕੈਮਰੇ ਲਾਏ ਹੋਏ ਸਨ। ਬੀਤੀ ਰਾਤ ਵੀ ਕੈਮਰੇ ਰਾਹੀਂ ਪੁਲਿਸ ਨੂੰ ਦੇਖ ਕੇ ਮੁਲਜ਼ਮ ਘਰ ਦੇ ਸਟੋਰ ਵਿੱਚ ਲੁਕ ਗਿਆ ਸੀ ਪਰ ਉਹ ਫੜਿਆ ਗਿਆ।

Facebook Comments

Trending

Copyright © 2020 Ludhiana Live Media - All Rights Reserved.