ਪੰਜਾਬੀ

ਵਿਦਿਅਕ ਅਦਾਰਿਆਂ ਦਾ ਖੂਬਸੂਰਤ ਅਤੇ ਕੁਦਰਤ ਦੇ ਹਾਣ ਦਾ ਹੋਣਾ ਬਹੁਤ ਜ਼ਰੂਰੀ : ਡਾ. ਗੋਸਲ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕਿਸੇ ਵੀ ਵਿਦਿਅਕ ਅਦਾਰੇ ਦਾ ਖੂਬਸੂਰਤ, ਹਰਿਆ-ਭਰਿਆ ਅਤੇ ਕੁਦਰਤ ਦੇ ਹਾਣ ਦਾ ਹੋਣਾ ਬਹੁਤ ਜ਼ਰੂਰੀ ਹੈ । ਉਹਨਾਂ ਕਿਹਾ ਕਿ ਪੀ.ਏ.ਯੂ. ਲੁਧਿਆਣਾ ਸ਼ੁਰੂ ਤੋਂ ਆਪਣੇ ਸਾਫ਼ ਵਾਤਾਵਰਨ ਲਈ ਜਾਣੀ ਜਾਂਦੀ ਹੈ ਅਤੇ ਇਸ ਨੂੰ ਹੋਰ ਖੂਬਸੂਰਤ ਬਨਾਉਣ ਲਈ ਅਸੀਂ ਉਪਰਾਲੇ ਕਰਦੇ ਰਹਾਂਗੇ ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਹਨਾਂ ਨੇ ਫੁੱਲਾਂ ਦੀ ਕਾਸ਼ਤ ਨਾਲ ਸੰਬੰਧਤ ਮਾਹਰਾਂ ਅਤੇ ਵਿਗਿਆਨੀਆਂ ਖਾਸ ਤੌਰ ਤੇ ਡਾ. ਜੇ ਐੱਸ ਅਰੋੜਾ, ਡਾ. ਹਰੀ ਸਿੰਘ ਸੰਧੂ, ਡਾ. ਮਨੀਸ਼ ਕਪੂਰ, ਡਾ. ਰਮੇਸ਼ ਕੁਮਾਰ, ਡਾ. ਸਤੀਸ਼ ਕੁਮਾਰ ਨਰੂਲਾ, ਡਾ. ਨਵਤੇਜ ਸਿੰਘ ਬੈਂਸ ਅਤੇ ਉੱਘੇ ਕਲਾਕਾਰ ਸ. ਜਨਮੇਜਾ ਸਿੰਘ ਜੌਹਲ ਨਾਲ ਇੱਕ ਖਾਸ ਇਕੱਤਰਤਾ ਦੌਰਾਨ ਪ੍ਰਗਟ ਕੀਤੇ । ਇਸ ਇਕੱਤਰਤਾ ਵਿੱਚ ਯੂਨੀਵਰਸਿਟੀ ਦੇ ਫਲੌਰੀਕਲਚਰ ਅਤੇ ਲੈਂਡਸਕੇਪਿੰਗ ਵਿਗਿਆਨੀਆਂ ਨੇ ਵੀ ਭਾਗ ਲ਼ਿਆ ।

ਮੀਟਿੰਗ ਦੌਰਾਨ ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਦੇ ਹੁਣ ਤੱਕ ਰਹੇ ਮਾਣਯੋਗ ਉਪ ਕੁਲਪਤੀ ਸਾਹਿਬਾਨਾਂ ਅਤੇ ਅਧਿਕਾਰੀਆਂ ਨੇ ਯੂਨੀਵਰਸਿਟੀ ਨੂੰ ਸੁੰਦਰ ਬਨਾਉਣ ਲਈ ਬਹੁਤ ਉਪਰਾਲੇ ਕੀਤੇ ਹਨ ਜਿਸਦਾ ਨਤੀਜਾ ਇਹ ਹੈ ਕਿ ਇਹ ਯੂਨੀਵਰਸਿਟੀ ਕੈਂਪਸ ਸ਼ਹਿਰ ਵਿੱਚ ਕੁਦਰਤੀ ਮਾਹੌਲ ਵਜੋਂ ਜਾਣਿਆ ਜਾਂਦਾ ਹੈ । ਉਹਨਾਂ ਵਿਸ਼ਵਾਸ਼ ਦੁਆਇਆ ਕਿ ਯੂਨੀਵਰਸਿਟੀ ਦੀ ਇਸ ਖੂਬਸੂਰਤ ਦਿੱਖ ਨੂੰ ਹੋਰ ਖੂਬਸੂਰਤ ਬਨਾਉਣ ਲਈ ਯਤਨ ਕੀਤੇ ਜਾਣਗੇ ।

ਉਹਨਾਂ ਯੂਨੀਵਰਸਿਟੀ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਵਿੱਚ ਕੁਦਰਤ ਦੇ ਰੰਗਾਂ ਨੂੰ ਸੰਭਾਲਣ ਅਤੇ ਸਾਫ਼-ਸੁਥਰਾ ਵਾਤਾਵਰਨ ਕਾਇਮ ਰੱਖਣ ਵਿੱਚ ਆਪਣਾ-ਆਪਣਾ ਯੋਗਦਾਨ ਪਾਉਣ । ਇਸ ਮੌਕੇ ਮਾਹਿਰਾਂ ਨੂੰ ਨਾਲ ਲੈ ਕੇ ਉਹਨਾਂ ਨੇ ਯੂਨੀਵਰਸਿਟੀ ਕੈਂਪਸ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਵੀ ਕੀਤਾ ਅਤੇ ਖੂਬਸੂਰਤੀ ਲਈ ਯੋਜਨਾ ਤਿਆਰ ਕਰਨ ਲਈ ਕਿਹਾ ।

Facebook Comments

Trending

Copyright © 2020 Ludhiana Live Media - All Rights Reserved.