ਪੰਜਾਬੀ

ਅੰਤਰਰਾਸ਼ਟਰੀ ਪੱਧਰ ਦੇ ਪ੍ਰੋਫੈਸਰ ਵਿਦਿਆਰਥੀਆਂ ਨੂੰ ਦੇ ਰਹੇ ਹਨ ਸਿੱਖਿਆ

Published

on

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਸਾਇੰਸ ਕਾਲਜ ਵਿਖੇ ਅੰਤਰ ਰਾਸ਼ਟਰੀ ਪੱਧਰ ਦੇ ਵਿਦੇਸ਼ਾਂ ਤੋਂ ਆਏ ਪ੍ਰੋਫੈਸਰ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਨੂੰ ਆਲਮੀ ਪੱਧਰ ਦੀ ਸਿੱਖਿਆ ਤੇ ਮੁਹਾਰਤ ਦੇ ਰਹੇ ਹਨ। ਇਹ ਯਤਨ ਵਿਸ਼ਵ ਬੈਂਕ ਵਲੋਂ ਵਿਤੀ ਰੂਪ ਵਿਚ ਪ੍ਰਾਯੋਜਿਤ ਸੰਸਥਾ ਵਿਕਾਸ ਯੋਜਨਾ ਪ੍ਰਾਜੈਕਟ ਦੇ ਤਹਿਤ ਕੀਤਾ ਗਿਆ ਹੈ।

ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਤੇ ਪ੍ਰਯੋਗੀ ਮੁਹਾਰਤ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਬਰਾਬਰ ਲੈ ਜਾਣ ਲਈ ਇਹ ਕਾਰਜ ਆਰੰਭਿਆ ਗਿਆ ਹੈ। ਇਸੇ ਸਿਲਸਿਲੇ ਤਹਿਤ ਬ੍ਰਾਜ਼ੀਲ ਦੀ ਯੂਨੀਵਰਸਿਟੀ ਤੋਂ ਵੈਟਰਨਰੀ ਦਵਾਈ ਵਿਗਿਆਨ ਦੇ ਖੇਤਰ ‘ਚ ਮੁਹਾਰਤ ਰੱਖਦੇ ਪ੍ਰੋਫੈਸਰ ਐਡੁਆਰਡੋ ਬੈਸਟੀਐਨਟੋ ਪਸ਼ੂ ਪਰਜੀਵੀਆਂ ਸੰਬੰਧੀ ਗਿਆਨ ਦੇ ਰਹੇ ਹਨ। ਉਨ੍ਹਾਂ ਦੀ ਮੁਹਾਰਤ ਮੱਝਾਂ ‘ਤੇ ਪਾਏ ਜਾਂਦੇ ਪਰਜੀਵੀਆਂ ਨੂੰ ਕਾਬੂ ਕਰਨਾ ਤੇ ਉਨ੍ਹਾਂ ਤੋਂ ਬਚਾਅ ਕਰਨਾ ਹੈ। ਇਸ ਵਿਸ਼ੇ ‘ਤੇ ਉਹ ਵਿਸ਼ਵ ਭਰ ਵਿਚ ਅਨੇਕਾਂ ਭਾਸ਼ਣ ਦੇ ਚੁੱਕੇ ਹਨ। ਇਸ ਵਿਸ਼ੇ ‘ਤੇ ਪ੍ਰਯੋਗੀ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ।

ਕੈਨੇਡਾ ਦੀ ਸਸਕੈਚਵਨ ਯੂਨੀਵਰਸਿਟੀ ਤੋਂ ਡਾ. ਜਸਵੰਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਨੂੰ ਸਿੱਖਿਅਤ ਕਰ ਰਹੇ ਹਨ। ਉਨ੍ਹਾਂ ਦਾ ਮੁਹਾਰਤ ਵਿਸ਼ਾ ਪ੍ਰਜਣਨ, ਅਲਟ੍ਰਾਸੋਨੋਗ੍ਰਾਫੀ, ਭਰੂਣ ਤਬਾਦਲਾ ਵਿਧੀ ਤੇ ਪ੍ਰਜਣਨ ਢਾਂਚੇ ਦੀਆਂ ਸਮੱਸਿਆਵਾਂ ਪ੍ਰਤੀ ਹੈ। ਡਾ. ਸਿੰਘ ਪਸ਼ੂ ਪ੍ਰਜਣਨ ਸੰਬੰਧੀ ਗਿਆਨ ਦੇਣ ਦੇ ਨਾਲ ਵਿਦਿਆਰਥੀਆਂ ਨੂੰ ਪ੍ਰਜਣਨ ਸਰੀਰਕੋਸ਼ ਬਾਰੇ ਵੀ ਵਿਦਿਆ ਦੇ ਰਹੇ ਹਨ।

ਵਿਦਿਆਰਥੀਆਂ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਵਿਗਿਆਨੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਬਹੁਤ ਲਾਭ ਪਹੁੰਚਦਾ ਹੈ। ਇਸ ਨਾਲ ਜਿਥੇ ਕਿਸਾਨ ਭਾਈਚਾਰੇ ਨੂੰ ਫਾਇਦਾ ਹੁੰਦਾ ਹੈ, ਉਥੇ ਵਿਦਿਆਰਥੀ ਵੀ ਆਲਮੀ ਮੰਚ ‘ਤੇ ਪਾਏ ਜਾਂਦੇ ਗਿਆਨ ਨੂੰ ਸਮਝਣ ਦੇ ਕਾਬਲ ਬਣਦੇ ਹਨ।

Facebook Comments

Trending

Copyright © 2020 Ludhiana Live Media - All Rights Reserved.