ਪੰਜਾਬੀ

ਮਹਿੰਗੇ ਹੋ ਸਕਦੇ ਨੇ ਰੈਡੀਮੇਡ ਕੱਪੜੇ, ਹੌਜ਼ਰੀ ਉਤਪਾਦਾਂ ਦੀ ਅਸੈੱਸਰੀਜ਼ ਲਈ ਚੀਨ ‘ਤੇ ਨਿਰਭਰ ਭਾਰਤ

Published

on

ਲੁਧਿਆਣਾ : ਭਾਰਤ ਵਿਚ ਬਣਨ ਵਾਲੇ ਰੈਡੀਮੇਡ ਦੇ ਕੁੱਲ ਉਤਪਾਦਾਂ ’ਚ 90 ਫੀਸਦੀ ਅਸੈੱਸਰੀਜ਼ ਚੀਨ ਦੀ ਵਰਤੀ ਜਾਂਦੀ ਹੈ, ਜਿਸ ਵਿਚ ਬਟਨ, ਇੰਬ੍ਰਾਇਡਰੀ ਦਾ ਧਾਗਾ, ਲਾਸਟਿਕ, ਜਿੱਪ ਅਤੇ ਪਾਈਪਿੰਗ ਦਾ ਕੱਪੜਾ ਪ੍ਰਮੁੱਖ ਹੈ। ਇੱਥੋਂ ਤੱਕ ਕਿ ਘਰੇਲੂ ਬਾਜ਼ਾਰ ਵਿਚ ਚੀਨ ’ਚ ਬਣੇ ਕੱਪੜੇ ਤੋਂ ਹੀ ਜੈਕਟ ਤਿਆਰ ਹੁੰਦੀ ਹੈ ਪਰ ਕੋਵਿਡ ਕਾਰਨ ਚੀਨ ਨੇ ਦੂਜੇ ਦੇਸ਼ਾਂ ਨੂੰ ਸਪਲਾਈ ਰੋਕ ਦਿੱਤੀ ਸੀ, ਜਿਸ ਦਾ ਅਸਰ ਇਹ ਹੋਇਆ ਕਿ ਹੁਣ ਹੌਜ਼ਰੀ ਅਤੇ ਗਾਰਮੈਂਟ ਇੰਡਸਟਰੀ ਦੇ ਕੋਲ ਅਸੈੱਸਰੀਜ਼ ਨਹੀਂ ਹੈ।

ਭਾਰਤ ’ਚ ਅਸੈੱਸਰੀਜ਼ ਤਾਂ ਬਣਦੀ ਹੈ ਪਰ ਜੋ ਕੁਆਲਿਟੀ ਅਤੇ ਕੀਮਤ ਚੀਨ ਤੋਂ ਆਉਣ ਵਾਲੀ ਅਸੈੱਸਰੀਜ਼ ’ਚ ਮਿਲਦੀ ਹੈ, ਉਸ ਕੀਮਤ ’ਤੇ ਇਥੇ ਮਾਲ ਤਿਆਰ ਵੀ ਨਹੀਂ ਹੁੰਦਾ। ਕੁਆਲਿਟੀ ਦੇ ਮਾਮਲੇ ਵਿਚ ਵੀ ਭਾਰਤੀ ਇੰਡਸਟਰੀ ਕਾਫੀ ਪਿੱਛੇ ਹੈ। ਇਸ ਸਬੰਧੀ ਨਿੱਟਵੀਅਰ ਕਲੱਬ ਦੇ ਚੇਅਰਮੈਨ ਵਿਨੋਦ ਥਾਪਰ ਕਹਿੰਦੇ ਹਨ ਕਿ ਨੋਟਬੰਦੀ ਤੋਂ ਬਾਅਦ ਹੀ ਹੌਜ਼ਰੀ ਉਦਯੋਗ ਪੱਛੜਦਾ ਜਾ ਰਿਹਾ ਹੈ। ਜਦੋਂ ਹਜ਼ਾਰ ਰੁਪਏ ਦਾ ਨੋਟ ਬੰਦ ਹੋਇਆ ਤਾਂ ਉਸ ਦੌਰਾਨ ਵੀ ਚੀਨ ਤੋਂ ਆਉਣ ਵਾਲਾ ਮਾਲ ਬਾਜ਼ਾਰਾਂ ਵਿਚ ਹੀ ਡੰਪ ਹੋ ਕੇ ਰਹਿ ਗਿਆ ਸੀ।

ਦਿੱਲੀ ਅਤੇ ਕੋਲਕਾਤਾ ਵਰਗੇ ਬਾਜ਼ਾਰਾਂ ’ਚ ਮਾਲ ਨਕਦ ਮਿਲਦਾ ਹੈ ਪਰ ਨੋਟਬੰਦੀ ਨੇ ਇਕਦਮ ਸੇਲ ’ਤੇ ਰੋਕ ਲਗਵਾ ਦਿੱਤੀ ਸੀ। ਅਜੇ ਇਸ ਸਦਮੇ ਤੋਂ ਹੌਜ਼ਰੀ ਉਦਯੋਗ ਬਾਹਰ ਵੀ ਨਹੀਂ ਆਇਆ ਸੀ ਕਿ ਚੀਨ ਨੇ ਕੋਵਿਡ ਕਾਰਨ ਉਥੇ ਫੈਕਟਰੀਆਂ ਹੀ ਬੰਦ ਕਰ ਦਿੱਤੀਆਂ ਹਨ, ਜਿਸ ਨਾਲ ਸਪਲਾਈ ਬੰਦ ਹੋ ਗਈ ਅਤੇ ਭਾਰਤੀ ਬਾਜ਼ਾਰ ’ਚ ਅਸੈੱਸਰੀਜ਼ ਦੀ ਕਮੀ ਆ ਗਈ।

ਹੁਣ ਹਾਲਾਤ ਆਮ ਹੋਏ ਹਨ ਅਤੇ ਲੋਕਾਂ ਨੇ ਆਰਡਰ ਬੁਕ ਕੀਤੇ ਹਨ ਪਰ ਸ਼ਿੰਘਾਈ ਡ੍ਰਾਈਪੋਰਟ ’ਤੇ ਮਾਲ ਡੰਪ ਹੋ ਗਿਆ ਹੈ। ਉਸ ਨੂੰ ਹੁਣ ਭਾਰਤ ’ਚ ਪੁੱਜਣ ਵਿਚ ਘੱਟ ਤੋਂ ਘੱਟ ਦੋ ਮਹੀਨੇ ਲੱਗਣਗੇ, ਜਿਸ ਤੋਂ ਲਗਦਾ ਹੈ ਕਿ ਹੌਜ਼ਰੀ ਉਦਯੋਗ ਨੂੰ ਭਾਰਤੀ ਅਸੈੱਸਰੀਜ਼ ਦੇ ਨਾਲ ਹੀ ਕੰਮ ਚਲਾਉਣਾ ਪਵੇਗਾ। ਅਜਿਹੇ ’ਚ ਹੌਜ਼ਰੀ ਉਦਪਾਦਾਂ ਦੀ ਲਾਗਤ ’ਚ ਇਜ਼ਾਫਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਜੂਨ-ਜੁਲਾਈ ’ਚ ਸਰਦੀਆਂ ਦਾ ਮਾਲ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਤੰਬਰ ਤੱਕ ਬਾਜ਼ਾਰਾਂ ਵਿਕਣ ਲਈ ਰਿਟੇਲ ਕਾਊਂਟਰ ਤੱਕ ਪੁੱਜ ਜਾਂਦਾ ਹੈ।

Facebook Comments

Trending

Copyright © 2020 Ludhiana Live Media - All Rights Reserved.