ਪੰਜਾਬੀ

PAU ’ਚ ਜਿਣਸੀ ਸ਼ੋਸ਼ਣ ਤੇ ਛੇੜਛਾੜ ਦੇ ਮਾਮਲੇ ’ਚ VC ਵੱਲੋਂ ਨਿਰਦੇਸ਼ ਜਾਰੀ!

Published

on

ਲੁਧਿਆਣਾ : ਲਗਭਗ ਤਿੰਨ ਹਫਤੇ ਪਹਿਲਾਂ ਪੀ. ਏ. ਯੂ. ਦੇ ਐਂਟੋਮੋਲੋਜੀ ਵਿਭਾਗ ਦੇ ਦੋ ਪ੍ਰੋਫੈਸਰਾਂ ’ਤੇ ਇਕ ਵਿਦਿਆਰਥਣ ਨੇ ਜਿਣਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਇਸ ਮੁੱਦੇ ਦੀ ਜਾਂਚ ਲਈ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਗਿਆ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਟ ਵਿਗਿਆਨ ਵਿਭਾਗ ਦੇ ਇਕ ਪ੍ਰੋਫੈਸਰ ਦੇ ਖਿਲਾਫ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਬਣਾਈ ਗਈ ਪਾਵਰ ਕਮੇਟੀ ਨੇ ਉਨ੍ਹਾਂ ਨੂੰ ਦੋਸ਼ੀ ਪਾਇਆ ਹੈ।

ਹਾਲਾਂਕਿ ਉਸੇ ਵਿਭਾਗ ਦੇ ਇਕ ਦੂਜੇ ਪ੍ਰੋਫੈਸਰ ਦੇ ਖਿਲਾਫ ਲਾਏ ਗਏ ਇਸੇ ਹੀ ਤਰ੍ਹਾਂ ਦੇ ਦੋਸ਼ ਸਾਬਤ ਨਹੀਂ ਕੀਤੇ ਜਾ ਸਕੇ। ਇਸ ਲਈ ਅਧਿਕਾਰੀਆਂ ਨੇ ਉਨ੍ਹਾਂ ਲਈ ਅੰਤਰ ਵਿਭਾਗੀ ਬਦਲੀ ਦਾ ਹੁਕਮ ਦਿੱਤਾ ਹੈ। ਮੁਲਜ਼ਮ ਪ੍ਰੋਫੈਸਰ ਦਾ ਮਾਮਲਾ ਜਿਣਸੀ ਸ਼ੋਸ਼ਨ ਸੰਮਤੀ ਨੂੰ ਸੌਂਪ ਦਿੱਤਾ ਗਿਆ ਹੈ, ਜੋ ਮਾਮਲੇ ਦੀ ਅੱਗੇ ਜਾਂਚ ਕਰੇਗੀ ਤੇ ਆਉਣ ਵਾਲੇ ਹਫਤੇ ਵਿਚ ਕਾਨੂੰਨ ਮੁਤਾਬਕ ਉਚਿਤ ਅਨੁਸ਼ਾਸਨਾਤਮਿਕ ਕਾਰਵਾਈ ਨਿਰਧਾਰਤ ਕਰੇਗੀ।

ਵਧੀਕ ਨਿਰਦੇਸ਼ਕ ਸੰਚਾਰ ਟੀ. ਐੱਸ. ਰਿਆਰ ਨੇ ਕਮੇਟੀ ਦੇ ਫੈਸਲਿਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ‘ਮਾਮਲੇ ਦੀ ਜਾਂਚ ਲਈ ਬਣਾਈ ਹਾਈ ਪਾਵਰ ਕਮੇਟੀ ਨੇ ਇਕ ਪ੍ਰੋਫੈਸਰ ਦੇ ਖਿਲਾਫ ਇਕ ਵਿਦਿਆਰਥਣ ਵੱਲੋਂ ਲਗਾਏ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ। ਸਬੂਤਾਂ ਦੀ ਕਮੀ ਕਾਰਨ ਦੂਜੇ ਪ੍ਰੋਫੈਸਰ ਦੇ ਖਿਲਾਫ ਜਿਣਸੀ ਸ਼ੋਸ਼ਣ ਦੇ ਦੋਸ਼ ਸਾਬਤ ਨਹੀਂ ਹੋਏ। ਉਨ੍ਹਾਂ ਦੇ ਖਿਲਾਫ ਸ਼ਿਕਾਇਤ ’ਤੇ ਨੋਟਿਸ ਲੈਂਦੇ ਹੋਏ ਕੁਲਪਤੀ ਸਤਬੀਰ ਸਿੰਘ ਗੋਸਲ ਨੇ ਉਸ ਨੂੰ ਦੂਜੇ ਵਿਭਾਗ ਵਿਚ ਬਦਲੀ ਕਰਨ ਦਾ ਹੁਕਮ ਦਿੱਤਾ ਹੈ। ਅਨੁਸ਼ਾਸਨਾਤਮਕ ਕਾਰਵਾਈ ਦੇ ਤਹਿਤ ਪ੍ਰੋਫੈਸਰ ਨੂੰ ਦੋ ਸਾਲ ਦੇ ਸਮੇਂ ਲਈ ਪੀ. ਏ. ਯੂ. ਵਿਚ ਪੜ੍ਹਾਉਣ, ਵਿਦਿਆਰਥੀ ਗੱਲਬਾਤ ਵਿਚ ਸ਼ਾਮਲ ਹੋਣ ਅਤੇ ਕਿਸੇ ਵੀ ਸਮਾਜਿਕ ਸਰਗਰਮੀ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਪ੍ਰੋਫੈਸਰ ਦੀ ਪਤਨੀ, ਜੋ ਕੀਟ ਵਿਗਿਆਨ ਵਿਭਾਗ ਵਿਚ ਪ੍ਰੋਫੈਸਰ ਹੈ, ਨੂੰ ਚਿਤਾਵਨੀ ਦਿੱਤੀ ਗਈ ਹੈ। ਸਮੱਸਿਆ ਦੇ ਹੱਲ ਲਈ ਇਕ ਅਸਥਾਈ ਉਪਾਅ ਦੇ ਰੂਪ ਵਿਚ ਮੁਲਜ਼ਮ ਪ੍ਰੋਫੈਸਰ ਨੂੰ ਪਹਿਲਾਂ ਹੀ 31 ਜੁਲਾਈ ਨੂੰ ਕਪੂਰਥਲਾ ਖੋਜ ਸਟੇਸ਼ਨ ਵਿਚ ਬਦਲੀ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਗੁੰਮਨਾਮ ਵਿਦਿਆਰਥੀਆਂ ਵੱਲੋਂ ਜਿਣਸੀ ਸ਼ੋਸ਼ਨ ਦੇ ਦੋਸ਼ਾਂ ਦਾ ਵੇਰਵਾ ਦੇਣ ਵਾਲਾ ਇਕ ਪੱਤਰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵਾਇਰਲ ਹੋ ਗਿਆ ਸੀ।

Facebook Comments

Trending

Copyright © 2020 Ludhiana Live Media - All Rights Reserved.