ਪੰਜਾਬੀ

ਲੁਧਿਆਣਾ ਵੈਸਟ ‘ਚ ਕੈਬਨਿਟ ਮੰਤਰੀ ਆਸ਼ੂ ਖਿਲਾਫ ਚੋਣ ਲੜਨਗੇ ਕੇਕੇ ਬਾਵਾ

Published

on

ਲੁਧਿਆਣਾ :   ਕਾਂਗਰਸ ‘ਚ ਟਿਕਟਾਂ ਦੀ ਵੰਡ ਤੋਂ ਬਾਅਦ ਪਾਰਟੀ ਚ ਅਸੰਤੁਸ਼ਟਾਂ ਦੀ ਬਗਾਵਤ ਸਾਹਮਣੇ ਆਉਣ ਲੱਗੀ ਹੈ। ਲੁਧਿਆਣਾ ਦੱਖਣੀ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਕੇਕੇ ਬਾਵਾ ਨੇ ਆਪਣੀ ਹੀ ਪਾਰਟੀ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਚੋਣ ਲੜਨ ਦਾ ਬਿਗੁਲ ਵਜਾ ਦਿੱਤਾ ਹੈ। ਬਾਵਾ ਨੇ ਕਿਹਾ ਕਿ ਉਹ ਲੁਧਿਆਣਾ ਪੱਛਮੀ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਨਗੇ।

ਬਾਵਾ ਨੇ ਕਿਹਾ ਕਿ ਪਾਰਟੀ ਵਿਚ ਪੈਸੇ ਅਤੇ ਪਹੁੰਚ ਦੇ ਬਲਬੂਤੇ ਟਿਕਟਾਂ ਵੰਡੀਆਂ ਗਈਆਂ, ਜਦਕਿ ਉਹ 40 ਸਾਲਾਂ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ 10 ਸਾਲ ਜ਼ਿਲਾ ਕਾਂਗਰਸ ਦੇ ਪ੍ਰਧਾਨ ਰਹੇ ਗੁਰਪ੍ਰੀਤ ਗੋਗੀ ਵੀ ਲੁਧਿਆਣਾ ਦੱਖਣੀ ਤੋਂ ਟਿਕਟ ਨਾ ਮਿਲਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਖੁਦ ਨੂੰ ਪਾਰਟੀ ਤੋਂ ਵੱਖ ਕਰ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ।

ਪੰਜਾਬ ਇੰਡਸਟਰੀ ਬੋਰਡ ਦੇ ਚੇਅਰਮੈਨ ਬਾਵਾ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਟਿਕਟ ਦੀ ਮੰਗ ਕਰ ਰਹੇ ਹਨ ਤੇ ਹਰ ਵਾਰ ਉਨ੍ਹਾਂ ਨੂੰ ਅਗਲੀ ਵਾਰ ਦੇਣ ਦਾ ਭਰੋਸਾ ਦਿੰਦੇ ਰਹੇ ਹਨ, ਜਦਕਿ ਅੱਤਵਾਦ ਦੇ ਦੌਰ ‘ਚ ਵੀ ਉਨ੍ਹਾਂ ਨੇ ਪਾਰਟੀ ਨਹੀਂ ਛੱਡੀ ਤੇ ਡਟ ਕੇ ਲੜਾਈ ਲੜੀ।

ਲੁਧਿਆਣਾ ਦੱਖਣੀ ਤੋਂ ਟਿਕਟ ਦੀ ਮੰਗ ਕਰਨ ਤੋਂ ਬਾਅਦ ਲੁਧਿਆਣਾ ਪੱਛਮੀ ਤੋਂ ਮੰਤਰੀ ਆਸ਼ੂ ਨੂੰ ਬਾਗੀ ਉਮੀਦਵਾਰ ਵਜੋਂ ਉਤਾਰਨ ਦੇ ਫੈਸਲੇ ਬਾਰੇ ਬਾਵਾ ਨੇ ਹਾਲਾਂਕਿ ਸਪੱਸ਼ਟ ਨਹੀਂ ਕੀਤਾ, ਪਰ ਕਿਹਾ ਕਿ ਉਹ ਉਸੇ ਇਲਾਕੇ ਤੋਂ ਹਨ, ਇਸ ਲਈ ਉਨ੍ਹਾਂ ਨੇ ਇੱਥੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ ਸਾਹਨੇਵਾਲ ਤੋਂ ਸਤਵਿੰਦਰ ਕੌਰ ਬਿੱਟੀ, ਜਗਰਾਓਂ ਤੋਂ ਮਲਕੀਤ ਸਿੰਘ ਦਾਖਾ, ਗੇਜਾ ਰਾਮ, ਐਡਵੋਕੇਟ ਗੁਰਕੀਰਤ ਕੌਰ ਸਮੇਤ 6 ਆਗੂ ਬਗਾਵਤ ਕਰ ਚੁੱਕੇ ਹਨ। ਸਮਰਾਲਾ ਤੋਂ 4 ਵਾਰ ਵਿਧਾਇਕ ਰਹਿ ਚੁੱਕੇ ਅਮਰੀਕ ਸਿੰਘ ਢਿੱਲੋਂ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ, ਜਦਕਿ ਕਿਲਾ ਰਾਏਪੁਰ ਤੋਂ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।

Facebook Comments

Trending

Copyright © 2020 Ludhiana Live Media - All Rights Reserved.