ਲੁਧਿਆਣਾ : ਲੁਧਿਆਣਾ ਵਿੱਚ ਬਣਨ ਵਾਲੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਪੱਤਰ ਲਿਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੀ.ਐੱਮ. ਮਾਨ ਨੇ ਕੇਂਦਰੀ ਮੰਤਰੀ ਨੂੰ ਪੱਤਰ ਲਿਖ ਕੇ ਹਲਵਾਰਾ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਏਅਰਪੋਰਟ ਰੱਖਣ ਦੀ ਮੰਗ ਕੀਤੀ ਹੈ।
ਸੀ.ਐਮ. ਮਾਨ ਨੇ ਕਿਹਾ ਕਿ ਹਵਾਈ ਅੱਡੇ ਦੇ ਟਰਮੀਨਲ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਬਹੁਤ ਜਲਦੀ ਇਸ ਦਾ ਉਦਘਾਟਨ ਵੀ ਹੋਣ ਜਾ ਰਿਹਾ ਹੈ। ਇਸ ਲਈ ਇਸ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਿਆ ਜਾਵੇ। ਦੱਸ ਦੇਈਏ ਕਿ ਪਿਛਲੇ ਸਾਲ ਪੰਜਾਬ ਵਿਧਾਨ ਸਭਾ ਵਿੱਚ ਵੀ ਇਸ ਸਬੰਧੀ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਕਰੀਬ 17 ਸਾਲਾਂ ਬਾਅਦ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਲੁਧਿਆਣਾ ਵਾਸੀਆਂ ਦਾ ਸੁਪਨਾ ਪੂਰਾ ਹੋਣ ਵਾਲਾ ਹੈ ਅਤੇ ਇਸ ਹਵਾਈ ਅੱਡੇ ਦਾ ਲਗਭਗ 90 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਹਵਾਈ ਅੱਡੇ ਦੇ ਖੁੱਲ੍ਹਣ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।ਇਸ ਕਾਰਨ ਲੋਕਾਂ ਨੂੰ ਵਿਦੇਸ਼ੀ ਜਾਂ ਰਾਸ਼ਟਰੀ ਪੱਧਰ ਦੀ ਫਲਾਈਟ ਲੈਣ ਲਈ ਚੰਡੀਗੜ੍ਹ, ਅੰਮ੍ਰਿਤਸਰ ਜਾਂ ਦਿੱਲੀ ਜਾਣਾ ਪੈਂਦਾ ਹੈ। ਪਰ ਇਸ ਹਵਾਈ ਅੱਡੇ ਦੇ ਖੁੱਲ੍ਹਣ ਨਾਲ ਲੁਧਿਆਣਾ ਦੇ ਵਪਾਰੀਆਂ ਨੂੰ ਕਾਰੋਬਾਰ ਵਿੱਚ ਵੱਡਾ ਫਾਇਦਾ ਹੋਵੇਗਾ।
