ਲੁਧਿਆਣਾ : ਨਵੇਂ ਸੈਸ਼ਨ ਤੋਂ ਪਹਿਲਾਂ ਸਰਕਾਰ ਦੀ ਨਿੱਜੀ ਸਕੂਲਾਂ ’ਤੇ ਤਿੱਖੀ ਨਜ਼ਰ ਹੈ। ਇਹੀ ਕਾਰਨ ਹੈ ਕਿ ਸਕੂਲ ਸਿੱਖਿਆ ਵਿਭਾਗ ਦੀਆਂ ਟੀਮਾਂ ਨੇ ਆਪਣੇ ਪੱਧਰ ’ਤੇ ਸੂਚਨਾ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਸਕੂਲਾਂ ਨੇ ਇਸ ਵਾਰ ਕਿੰਨੀ ਫੀਸ ਵਧਾਈ ਹੈ। ਇਹੀ ਨਹੀਂ, ਬੱਚਿਆਂ ਦੀ ਵਰਦੀ ਅਤੇ ਕਿਤਾਬਾਂ ਦੀ ਲਿਸਟ ਵਿਚ ਪਿਛਲੇ ਸਾਲ ਦੇ ਮੁਕਾਬਲੇ ਹੋਏ ਬਦਲਾਅ ਦੀ ਜਾਣਕਾਰੀ ਵੀ ਲਈ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਵਿਭਾਗ ਵੱਲੋਂ ਪਿਛਲੇ ਦਿਨੀਂ ਜਾਰੀ ਕੀਤੀ ਗਈ ਈ-ਮੇਲ ਆਈ. ਡੀ. ’ਤੇ ਵੀ ਕਈ ਮਾਪਿਆਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿੱਜੀ ਸਕੂਲਾਂ ਵਿਚ ਪੰਜਾਬ ਰੈਗੂਲੇਸ਼ਨ ਆਫ ਫੀਸ ਐਂਡ ਅਨਏਡਿਡ ਐਜੂਕੇਸ਼ਨ ਇੰਸਟੀਚਿਊਸ਼ਨਜ਼ ਐਕਟ 2016 ਵਿਚ ਦਰਜ ਫੀਸ, ਵਰਦੀ ਅਤੇ ਕਿਤਾਬਾਂ ਸਬੰਧੀ ਨਿਰਦੇਸ਼ ਨਿੱਜੀ ਸਕੂਲਾਂ ਵਿਚ ਲਾਗੂ ਕਰਵਾਉਣ ਲਈ ਕਿਹਾ ਗਿਆ ਹੈ।
ਪੱਤਰ ਵਿਚ ਕਿਹਾ ਗਿਆ ਕਿ ਨਿੱਜੀ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਉਕਤ ਐਕਟ ਦੇ ਤਹਿਤ ਜਾਰੀ ਹੁਕਮਾਂ ਦਾ ਪਾਲਣ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਕਿ ਵਿਦਿਆਰਥੀਆਂ ਤੇ ਮਾਤਾ-ਪਿਤਾ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।