ਪੰਜਾਬੀ

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵਿਭਾਗ ਨੇ ਬਣਾਈ ਇਹ ਯੋਜਨਾ

Published

on

ਲੁਧਿਆਣਾ : ਸੂਬੇ ਦੇ ਸਰਕਾਰੀ ਸਕੂਲਾਂ ਦੀ ਬਦਲਦੀ ਤਸਵੀਰ ’ਚ ਹੁਣ ਆਉਣ ਵਾਲੇ ਸੈਸ਼ਨ ਤੋਂ ਕਈ ਬਦਲਾਅ ਦੇਖਣ ਨੂੰ ਮਿਲਣਗੇ। ਸਭ ਤੋਂ ਅਹਿਮ ਬਦਲਾਅ ਬੱਚਿਆਂ ਦੇ ਮਾਪਿਅਾਂ ਨੂੰ ਸਿੱਧੇ ਸਕੂਲਾਂ ਨਾਲ ਜੋੜਨ ਨੂੰ ਲੈ ਕੇ ਹੈ, ਜਿਸ ਨਾਲ ਮਾਪੇ ਹਰ ਮਹੀਨੇ ਆਪਣੇ ਬੱਚੇ ਦਾ ਸਕੂਲ ’ਚ ਹੋ ਰਿਹਾ ਸਰਵਪੱਖੀ ਵਿਕਾਸ ਵੇਖ ਸਕਣਗੇ। ਸਰਕਾਰੀ ਸਕੂਲਾਂ ’ਚ ਹੁਣ ਨਿੱਜੀ ਸਕੂਲਾਂ ਦੀ ਤਰਜ਼ ’ਤੇ ਹਰ ਮਹੀਨੇ ਨਵੀਂ ਤੋਂ ਨਵੀਂ ਗਤੀਵਿਧੀ ਕਰਵਾਈ ਜਾਵੇਗੀ।

ਵਿਭਾਗ ਨੇ ਸੈਸ਼ਨ ਦੀ ਸ਼ੁਰੂਆਤ ਵਿਚ ਹੀ ਐਕਟੀਵਿਟੀ ਕੈਲੰਡਰ ਵੀ ਜਾਰੀ ਕਰ ਦਿੱਤਾ ਹੈ। ਵਿਭਾਗ ਦਾ ਯਤਨ ਹੈ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ’ਚ ਪੜ੍ਹ ਰਹੇ ਨੰਨ੍ਹੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਹੀਨਾਵਾਰ ਗਤੀਵਿਧੀਆਂ ਕਰਵਾਈਆਂ ਜਾਣ ਤਾਂ ਕਿ ਬੱਚਿਆਂ ਨੂੰ ਕਿਤਾਬਾਂ ਤੋਂ ਇਲਾਵਾ ਹੋਰ ਗਤੀਵਿਧੀਆਂ ਨਾਲ ਵੀ ਜੋੜਿਆ ਜਾ ਸਕੇ। ਸਰਕਾਰੀ ਸਕੂਲਾਂ ’ਚ ਪਹਿਲਾਂ ਕੋਈ ਗਤੀਵਿਧੀ ਹੁੰਦੀ ਸੀ ਤਾਂ ਮਾਪਿਆਂ ਨੂੰ ਨਹੀਂ ਬੁਲਾਇਆ ਜਾਂਦਾ ਸੀ ਪਰ ‘ਆਪ’ ਸਰਕਾਰ ਨੇ ਇਹ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ।

ਵਿਭਾਗ ਵੱਲੋਂ ਇਸ ਸੰਬੰਧੀ ਗਤੀਵਿਧੀਆਂ ਦੀ ਇਕ ਸੂਚੀ ਵੀ ਜਾਰੀ ਕੀਤੀ ਗਈ ਹੈ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਇਹ ਮਹੀਨਾਵਾਰ ਗਤੀਵਿਧੀਆਂ ਕਰਵਾਉਣ ਸਮੇਂ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਮਦਦ ਕੀਤੀ ਜਾਵੇਗੀ। ਸਕੂਲ ਮੁਖੀ ਯਕੀਨੀ ਬਣਾਉਣਗੇ ਕਿ ਜਿਸ ਦਿਨ ਇਹ ਗਤੀਵਿਧੀ ਕਰਵਾਈ ਜਾਣੀ ਹੈ, ਉਸ ਦਿਨ ਵਿਦਿਆਰਥੀਆਂ ਦੇ ਮਾਪੇ ਅਤੇ ਪਿੰਡ/ਸ਼ਹਿਰ ਦੇ ਪਤਵੰਤੇ ਲੋਕਾਂ ਨੂੰ ਵੀ ਸਕੂਲ ਵਿਚ ਆਉਣ ਦਾ ਸੱਦਾ ਦਿੱਤਾ ਜਾਵੇ।

ਜਾਣਕਾਰੀ ਮੁਤਾਬਕ ਇਨ੍ਹਾਂ ਗਤੀਵਿਧੀਆਂ ਵਿਚ ਕਣਕ ਦੀ ਬੱਲੀ ਬਣਾਉਣਾ, ਫੋਟੋ ਫ੍ਰੇਮ ਬਣਾਉਣਾ, ਕੋਲਾਜ ਬਣਾਉਣਾ, ਝੂਲਾ ਬਣਾਉਣਾ, ਗੁੱਡੀ ਬਣਾਉਣਾ, ਮਾਸਕ ਬਣਾਉਣਾ, ਲਾਲਟੈਣ ਬਣਾਉਣਾ, ਬਾਲ ਮੇਲਾ, ਲੱਕੜ ਦੀ ਕਲਿੱਪ ਅਤੇ ਸਟਿਕਸ ਦੀ ਵਰਤੋਂ ਕਰਦੇ ਹੋਏ ਹਵਾਈ ਜਹਾਜ਼ ਬਣਾਉਣਾ, ਟ੍ਰਾਈ ਕਲਰ ਦਾ ਪੇਜ ਬਣਾਉਣਾ, ਸਪੋਰਟਸ ਡੇ, ਕਾਗਜ਼ ਦੀ ਪਿਚਕਾਰੀ ਬਣਾਉਣ ਦੇ ਨਾਲ ਗ੍ਰੈਜੂਏਸ਼ਨ ਸੈਰਾਮਨੀ ਨੂੰ ਮਹੀਨਾਵਾਰ ਗਤੀਵਿਧੀਆਂ ਵਿਚ ਸ਼ਾਮਲ ਕੀਤਾ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.