ਬਹੁਤ ਸਾਰੇ ਲੋਕਾਂ ਨੂੰ ਭੁੱਖ ਨਾ ਜਾਂ ਘੱਟ ਲੱਗਣ ਦੀ ਸ਼ਿਕਾਇਤ ਰਹਿੰਦੀ ਹੈ। ਉੱਥੇ ਹੀ ਕਈ ਲੋਕ ਖਾਣਾ ਖਾਣ ਲਈ ਬੈਠਦੇ ਹਨ ਪਰ ਤੁਰੰਤ ਹੀ ਉੱਠ ਜਾਂਦੇ ਹਨ। ਅਸਲ ‘ਚ ਉਹਨਾਂ ਦਾ ਭੋਜਨ ਕਰਨ ਦਾ ਮਨ ਨਹੀਂ ਕਰਦਾ। ਪਰ ਭਰਪੂਰ ਭੋਜਨ ਨਾ ਖਾਣ ਨਾਲ ਸਰੀਰ ਕਮਜ਼ੋਰ ਹੋ ਸਕਦਾ ਹੈ। ਇਸ ਕਾਰਨ ਕਬਜ਼, ਹੌਲੀ ਪਾਚਨ ਤੰਤਰ ਅਤੇ ਹੋਰ ਸਰੀਰਕ ਸਮੱਸਿਆਵਾਂ ਹੋਣ ਦਾ ਖਤਰਾ ਰਹਿੰਦਾ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਪੇਟ ਭਰ ਕੇ ਖਾਣਾ ਬਹੁਤ ਜ਼ਰੂਰੀ ਹੈ। ਵੈਸੇ ਤਾਂ ਭੁੱਖ ਵਧਾਉਣ ਲਈ ਡਾਕਟਰ ਵੀ ਕਈ ਤਰ੍ਹਾਂ ਦੀਆਂ ਦਵਾਈਆਂ ਅਤੇ ਟੌਨਿਕ ਦੱਸਦੇ ਹਨ। ਪਰ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਭੁੱਖ ਵਧਾਉਣ ਦੇ ਕੁਝ ਘਰੇਲੂ ਨੁਸਖ਼ੇ….
ਗ੍ਰੀਨ-ਟੀ ਦਿਖਾਏਗੀ ਕਮਾਲ : ਜੇਕਰ ਤੁਹਾਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਹੈ ਤਾਂ ਅਜਿਹੇ ‘ਚ ਗ੍ਰੀਨ ਟੀ ਤੁਹਾਡੀ ਮਦਦ ਕਰ ਸਕਦੀ ਹੈ। ਇਸ ‘ਚ ਮੌਜੂਦ ਪੋਸ਼ਕ ਤੱਤ ਅਤੇ ਐਂਟੀ-ਆਕਸੀਡੈਂਟ ਗੁਣ ਭੁੱਖ ਨਾ ਲੱਗਣ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਰੋਜ਼ਾਨਾ 1-2 ਕੱਪ ਗ੍ਰੀਨ ਟੀ ਪੀਣ ਨਾਲ ਤੁਹਾਨੂੰ ਭੁੱਖ ਲੱਗਣ ‘ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਇਮਿਊਨਿਟੀ ਤੇਜ਼ੀ ਨਾਲ ਵਧੇਗੀ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਤੁਸੀਂ ਬੀਮਾਰੀਆਂ ਤੋਂ ਬਚੋਗੇ। ਤੁਸੀਂ ਆਪਣੀ ਸਾਧਾਰਨ ਦੁੱਧ ਵਾਲੀ ਚਾਹ ਦੀ ਬਜਾਏ ਗ੍ਰੀਨ ਟੀ ਲੈ ਸਕਦੇ ਹੋ।
ਨਿੰਬੂ ਪਾਣੀ ਦਿਖਾਏਗਾ ਅਸਰ : ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਸਿਹਤ ਨੂੰ ਬਣਾਈ ਰੱਖਣ ‘ਚ ਮਦਦਗਾਰ ਸਾਬਤ ਹੁੰਦਾ ਹੈ। ਸਿਹਤ ਮਾਹਿਰਾਂ ਅਨੁਸਾਰ ਨਿੰਬੂ ਪਾਣੀ ਦਾ ਨਿਯਮਤ ਸੇਵਨ ਭੁੱਖ ਵਧਾਉਣ ‘ਚ ਮਦਦ ਕਰਦਾ ਹੈ। ਇਸ ਦੇ ਲਈ 1 ਗਲਾਸ ਕੋਸੇ ਪਾਣੀ ‘ਚ 1 ਚਮਚ ਨਿੰਬੂ ਦਾ ਰਸ ਮਿਲਾ ਕੇ ਪੀਓ। ਇਸ ਨਾਲ ਭੁੱਖ ਤੇਜ਼ੀ ਨਾਲ ਵਧੇਗੀ ਅਤੇ ਤੁਹਾਡਾ ਖਾਣ ਦਾ ਵੀ ਮਨ ਕਰੇਗਾ। ਇਸ ਤੋਂ ਇਲਾਵਾ ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਇਮਿਊਨਿਟੀ ਵਧਾਉਣ ‘ਚ ਮਦਦ ਕਰੇਗਾ। ਅਜਿਹੇ ‘ਚ ਜ਼ੁਕਾਮ, ਖੰਘ, ਮੌਸਮੀ ਬੀਮਾਰੀਆਂ ਹੋਣ ਦਾ ਖਤਰਾ ਘੱਟ ਹੋਵੇਗਾ।
ਅਜਵਾਇਨ ਕਰੇਗੀ ਕੰਮ : ਅਜਵਾਇਨ ਭੁੱਖ ਵਧਾਉਣ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਹੁਤ ਕਾਰਗਰ ਮੰਨੀ ਜਾਂਦੀ ਹੈ। ਇਸ ਦੇ ਲਈ ਰੋਜ਼ਾਨਾ 1/2 ਚਮਚ ਅਜਵਾਇਣ ‘ਚ ਇਕ ਚੁਟਕੀ ਭਰ ਕਾਲਾ ਨਮਕ ਮਿਲਾ ਕੇ ਖਾਓ। ਇਸ ਨਾਲ ਭੁੱਖ ਘੱਟ ਕਰਨ ‘ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਪਾਚਨ ਤੰਤਰ ਮਜ਼ਬੂਤ ਰਹੇਗਾ। ਇਸ ਤਰ੍ਹਾਂ ਪੇਟ ਦਰਦ, ਐਸੀਡਿਟੀ, ਬਦਹਜ਼ਮੀ ਆਦਿ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ।
ਤ੍ਰਿਫਲਾ ਚੂਰਨ ਲਓ : ਜੇਕਰ ਤੁਸੀਂ ਵੀ ਭੁੱਖ ਦੀ ਕਮੀ ਤੋਂ ਪਰੇਸ਼ਾਨ ਹੋ ਤਾਂ ਤ੍ਰਿਫਲਾ ਦਾ ਸੇਵਨ ਕਰ ਸਕਦੇ ਹੋ। ਔਸ਼ਧੀ ਗੁਣਾਂ ਨਾਲ ਭਰਪੂਰ ਇਸ ਪਾਊਡਰ ਦਾ ਸੇਵਨ ਕਰਨ ਨਾਲ ਭੁੱਖ ਤੇਜ਼ੀ ਨਾਲ ਵਧਦੀ ਹੈ। ਇਸ ਤੋਂ ਇਲਾਵਾ ਇਮਿਊਨਿਟੀ ਅਤੇ ਪਾਚਨ ਤੰਤਰ ਵੀ ਸਿਹਤਮੰਦ ਰਹਿੰਦਾ ਹੈ। ਅਜਿਹੇ ‘ਚ ਤੁਸੀਂ ਵਧੀਆ ਸਰੀਰਕ ਵਿਕਾਸ ਲਈ ਤ੍ਰਿਫਲਾ ਦਾ ਸੇਵਨ ਕਰ ਸਕਦੇ ਹੋ। ਇਸ ਦੇ ਲਈ 1 ਗਲਾਸ ਕੋਸੇ ਪਾਣੀ ‘ਚ 1 ਚਮਚ ਤ੍ਰਿਫਲਾ ਪਾਊਡਰ ਮਿਲਾ ਕੇ ਖਾਲੀ ਪੇਟ ਪੀਓ। ਕੁਝ ਦਿਨਾਂ ਤੱਕ ਲਗਾਤਾਰ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਭੁੱਖ ਲੱਗਣ ਲੱਗ ਜਾਵੇਗੀ। ਇਸ ਦੇ ਨਾਲ ਹੀ ਤੁਹਾਡੀਆਂ ਹੋਰ ਸਰੀਰਕ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ।