ਪੰਜਾਬੀ

ਜਿਲ੍ਹਾ ਲੁਧਿਆਣਾ ‘ਚ ਮੁਹੱਲਾ ਕਲੀਨਿਕ ਸਥਾਪਤ ਕਰਨ ਲਈ ਕੀਤੀ 14 ਸਾਈਟਾਂ ਦੀ ਪਛਾਣ

Published

on

ਲੁਧਿਆਣਾ : ਸੂਬੇ ਵਿਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੀ ਤਰਜ਼ ‘ਤੇ ਮੁਹੱਲਾ ਕਲੀਨਿਕ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਅਧੀਨ ਸਟੇਟ ਵਿਚ 16 ਹਜ਼ਾਰ ਕਲੀਨਿਕ ਸਥਾਪਤ ਕੀਤੇ ਜਾਣਗੇ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਸਿਵਲ ਸਰਜਨਾਂ ਨੂੰ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ ਲਈ ਕਿਹਾ ਸੀ ਜਿੱਥੇ ਇਹ ਕਲੀਨਿਕ ਸਥਾਪਤ ਕੀਤੇ ਜਾਣਗੇ। ਲੁਧਿਆਣਾ ਜ਼ਿਲ੍ਹੇ ਨੇ 14 ਸਾਈਟਾਂ ਦੀ ਪਛਾਣ ਕੀਤੀ ਹੈ। ਸਿਵਲ ਸਰਜਨ ਐਸਪੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਈਟਾਂ ਦੀ ਪਛਾਣ ਕਰਕੇ ਜਾਣਕਾਰੀ ਭੇਜ ਦਿੱਤੀ ਹੈ। ਚੁਣੀਆਂ ਗਈਆਂ ਸਾਰੀਆਂ ਇਮਾਰਤਾਂ ਸਰਕਾਰੀ ਮਲਕੀਅਤ ਵਾਲੀਆਂ ਹਨ ।

ਖੰਨਾ ਵਿੱਚ ਰਾਜੇਵਾਲ, ਦਾਖਾ ਵਿੱਚ ਭੂੰਦੜੀ ਪਿੰਡ, ਰਾਏਕੋਟ ਵਿੱਚ ਰੋਟਰੀ ਹਸਪਤਾਲ, ਗਿੱਲ ਹਲਕੇ ਵਿੱਚ ਸੰਗੋਵਾਲ, ਜਗਰਾਉਂ ਵਿਚ ਸੇਵਾ ਕੇਂਦਰ ਪੁਰਾਣੀ ਦਾਣਾ ਮੰਡੀ, ਪਾਇਲ ਵਿਖੇ ਧਮੋਟ ਪਿੰਡ, ਸਾਨ੍ਹੇਵਾਲ ਵਿਚ ਕੋਹਾੜਾ, ਸਮਰਾਲਾ ਵਿੱਚ ਹੇਡੋਂ ਬੇਟ, ਆਤਮ ਨਗਰ ਮੁਹੱਲਾ ਰਾਮ ਨਗਰ-ਰਾਮਗੜ੍ਹੀਆ ਸੇਵਾ ਸੁਸਾਇਟੀ ਹਸਪਤਾਲ ਵਿੱਚ। ਲੁਧਿਆਣਾ ਨਾਰਥ ਵਿਚ ਕੁੰਦਨਪੁਰੀ ਦੇ ਵਾਰਡ ਨੰਬਰ 90 ਵਿਚ, ਲੁਧਿਆਣਾ ਵੈਸਟ ਵਿਚ ਗੋਪਾਲ ਨਗਰ, ਲੁਧਿਆਣਾ ਈਸਟ ਵਿਚ ਸਟਾਰ ਸਿਟੀ ਕਲੋਨੀ ਟਿੱਬਾ ਰੋਡ ‘ਤੇ ਪਾਰਕ ਦੇ ਅੰਦਰ, ਲੁਧਿਆਣਾ ਦੱਖਣੀ ਵਿਚ ਬਾਪੂ ਮਾਰਕੀਟ ਅਤੇ ਲੁਧਿਆਣਾ ਸੈਂਟਰਲ ਵਿਚ ਇਸਲਾਮ ਗੰਜ।

ਮੁਹੱਲਾ ਕਲੀਨਿਕ ਦੀ ਸਥਾਪਨਾ ਕਰਨਾ ਸਰਕਾਰ ਵੱਲੋਂ ਚੋਣ ਦੌਰਾਨ ਕੀਤੇ ਵਾਅਦਿਆਂ ਵਿੱਚੋਂ ਇੱਕ ਸੀ। ਇਹ ਇੱਕ ਮੁੱਢਲੀ ਸਿਹਤ ਸੰਭਾਲ ਸੁਵਿਧਾ ਹੈ। ਪ੍ਰਾਇਮਰੀ ਹੈਲਥਕੇਅਰ ਸੇਵਾਵਾਂ, ਦਵਾਈਆਂ ਅਤੇ ਨਿਦਾਨ ਸੁਵਿਧਾ ਮੁਫ਼ਤ ਪ੍ਰਦਾਨ ਕਰਦੀ ਹੈ। ਸ਼ਹਿਰ ਨਿਵਾਸੀ ਹਰੀਸ਼ ਕੁਮਾਰ ਨੇ ਕਿਹਾ ਕਿ ਸੂਬੇ ‘ਚ ਮੁਹੱਲਾ ਕਲੀਨਿਕ ਸਥਾਪਤ ਕਰਨ ਦਾ ਐਲਾਨ ਸਵਾਗਤਯੋਗ ਕਦਮ ਹੈ। ਇਸ ਨਾਲ ਅਬਾਦੀ ਨੂੰ ਬੁਨਿਆਦੀ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਅਸੀਂ ਉਮੀਦ ਕਰਦੇ ਹਾਂ ਕਿ ਕਲੀਨਿਕ ਜਲਦੀ ਹੀ ਸਥਾਪਤ ਕੀਤੇ ਜਾਣਗੇ।

 

Facebook Comments

Trending

Copyright © 2020 Ludhiana Live Media - All Rights Reserved.