ਬਰਨਾਲਾ : ਪੰਜਾਬ ਦੇ ਬਰਨਾਲਾ ‘ਚ ਅੱਜ ਸਵੇਰੇ ਜ਼ਬਰਦਸਤ ਧਮਾਕਾ ਹੋਣ ਦੀ ਖਬਰ ਮਿਲੀ ਹੈ। ਇਹ ਧਮਾਕਾ ਸਿਲੰਡਰ ਫਟਣ ਕਾਰਨ ਹੋਇਆ। ਇਸ ਹਾਦਸੇ ਵਿੱਚ ਗੁਰਚਰਨ ਸਿੰਘ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਪੂਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਭਦੌੜ ਵਿਖੇ ਦਾਖਲ ਕਰਵਾਇਆ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦਰਵਾਜ਼ੇ ਅਤੇ ਖਿੜਕੀਆਂ ਟੁੱਟ ਗਈਆਂ ਅਤੇ ਵਿਹੜੇ ਵਿਚ ਸ਼ੀਸ਼ੇ ਦੇ ਟੁਕੜੇ ਖਿੱਲਰ ਗਏ।
ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਦਾ ਪਰਿਵਾਰ ਕਿਤੇ ਗਿਆ ਹੋਇਆ ਸੀ ਅਤੇ ਉਹ ਘਰ ‘ਚ ਇਕੱਲਾ ਸੀ। ਗੈਸ ਲੀਕ ਹੋਣ ਕਾਰਨ ਉਸ ਨੇ ਗੈਸ ਚਲਾਉਣ ਲਈ ਅੱਗ ਲਗਾਈ ਅਤੇ ਹਾਦਸਾ ਵਾਪਰ ਗਿਆ।ਜ਼ਖਮੀ ਹਾਲਤ ‘ਚ ਲੋਕਾਂ ਨੇ ਗੁਰਚਰਨ ਸਿੰਘ ਦੇ ਸੜੇ ਹੋਏ ਕੱਪੜੇ ਉਤਾਰ ਕੇ ਉਸ ਨੂੰ ਭਦੌੜ ਦੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਲਈ ਬਰਨਾਲਾ ਰੈਫਰ ਕਰ ਦਿੱਤਾ। ਡਾਕਟਰ ਮੁਤਾਬਕ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਪਰ ਇਸ ਹਾਦਸੇ ਵਿੱਚ ਉਸ ਦੀ ਜਾਨ ਬਚ ਗਈ।