Connect with us

ਪੰਜਾਬ ਨਿਊਜ਼

ਪੰਜਾਬ ਵਿਚੋਂ ਉਚੇਰੀ ਸਿੱਖਿਆ ਨੂੰ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਖ਼ਤਮ ਕੀਤਾ ਜਾ ਰਿਹੈ : ਹਰਪਾਲ ਸਿੰਘ ਚੀਮਾ

Published

on

Higher education in Punjab is being abolished under a calculated conspiracy: Harpal Singh Cheema

ਚੰਡੀਗੜ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰੀ ਕਾਲਜਾਂ ਦੀ ਮਾੜੀ ਸਥਿਤੀ ਦਾ ਆਲਮ ਇਹ ਹੈ ਕਿ ਸੂਬੇ ਦੇ ਕਾਲਜਾਂ ‘ਚ ਹੋਰਨਾਂ ਵਿਸ਼ਿਆਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੇ ਪ੍ਰੋਫ਼ੈਸਰ ਵੀ ਨਹੀਂ ਹਨ, ਜਦੋਂ ਕਿ ਪੰਜਾਬੀ ਭਾਸ਼ਾ ਸੂਬੇ ਦੀ ਸਰਕਾਰੀ ਤੇ ਆਮ ਲੋਕਾਂ ਦੀ ਭਾਸ਼ਾ ਹੈ। ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਆਉਂਦੇ ਸੈਸ਼ਨ ‘ਚ ਸੂਬੇ ‘ਚ ਉਚੇਰੀ ਸਿੱਖਿਆ ਦੀ ਮਾੜੀ ਹਾਲਤ ਤੇ ਪੰਜਾਬੀ ਭਾਸ਼ਾ ਸਮੇਤ ਹੋਰਨਾਂ ਵਿਸ਼ਿਆਂ ਦੇ ਪ੍ਰੋਫ਼ੈਸਰਾਂ ਦੀਆਂ ਖਾਲੀ ਪਈਆਂ ਆਸਾਮੀਆਂ ਦਾ ਮੁੱਦਾ ਆਮ ਆਦਮੀ ਪਾਰਟੀ ਵੱਲੋਂ ਉਚੇਚੇ ਤੌਰ ‘ਤੇ ਉਠਾਇਆ ਜਾਵੇਗਾ।

ਪੰਜਾਬ ਦੀ ਉਚੇਰੀ ਸਿੱਖਿਆ ਬਾਰੇ ਬਿਆਨ ਜਾਰੀ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਦੀਆਂ ਸੱਤਾਧਾਰੀਆਂ ਪਾਰਟੀਆਂ ਨੇ ਸੂਬੇ ‘ਚ ਉਚੇਰੀ ਸਿੱਖਿਆ ਦੇ ਵਿਕਾਸ ਤੇ ਉਥਾਨ ਲਈ ਸਰਕਾਰੀ ਪੱਧਰ ‘ਤੇ ਸੁਚੱਜੇ ਉਪਰਾਲੇ ਨਹੀਂ ਕੀਤੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਸਸਤੀ ਤੇ ਪਾਏਦਾਰ ਉਚੇਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ। ਚੀਮਾ ਨੇ ਖੁਲਾਸਾ ਕੀਤਾ ਕਿ ਪੰਜਾਬ ‘ਚ ਕੁੱਲ 47 ਡਿਗਰੀ ਕਾਲਜ ਹਨ, ਜਿਨਾਂ ‘ਚ ਸੰਨ 1996 ਤੋਂ ਵੱਖ ਵੱਖ ਵਿਸ਼ਿਆਂ ਦੇ ਪ੍ਰੋਫ਼ੈਸਰਾਂ ਦੀ ਪੱਕੀ (ਰੈਗੂਲਰ) ਭਰਤੀ ਹੀ ਨਹੀਂ ਕੀਤੀ ਗਈ। ਇੱਥੋਂ ਤਕ ਕਿ ਸਰਕਾਰ ਦੇ 47 ਡਿਗਰੀ ਕਾਲਜ ਹਨ, ਪਰ ਇਨਾਂ ਕਾਲਜਾਂ ਵਿਚ ਪੰਜਾਬੀ ਭਾਸ਼ਾ ਦੇ ਕੇਵਲ 18 ਰੈਗੂਲਰ ਪ੍ਰੋਫ਼ੈਸਰ ਹਨ।

ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 1990 ‘ਚ ਪੰਜਾਬ ਦੇ ਸਰਕਾਰੀ ਕਾਲਜਾਂ ‘ਚ ਕੁੱਲ 1873 ਪ੍ਰੋਫ਼ੈਸਰਾਂ ਦੀ ਆਸਾਮੀਆਂ ਮਨਜ਼ੂਰ ਹੋਈਆਂ ਸਨ। ਅੱਜ 2021 ਵਿੱਚ ਇਨਾਂ ਆਸਾਮੀਆਂ ਵਿੱਚੋਂ ਤਕਰੀਬਨ 1600 ਆਸਾਮੀਆਂ ਖ਼ਾਲੀ ਹੋ ਗਈਆਂ ਹਨ ਤੇ ਇਹ ਗਿਣਤੀ ਸਾਲ ਦਰ ਸਾਲ ਵੱਧਦੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਸਮੇਂ ਪੰਜਾਬ ‘ਚ ਕੇਵਲ 347 ਰੈਗੂਲਰ ਪ੍ਰੋਫ਼ੈਸਰ ਸੇਵਾਵਾਂ ਨਿਭਾਅ ਰਹੇ ਹਨ, ਜਿਨਾਂ ‘ਚੋਂ ਤਕਰੀਬਨ 39 ਪ੍ਰੋਫ਼ੈਸਰ ਚੰਡੀਗੜ੍ਹ ਪ੍ਰਸ਼ਾਸਨ ਦੇ ਸਰਕਾਰੀ ਕਾਲਜਾਂ ‘ਚ ਡੈਪੂਟੇਸ਼ਨ ‘ਤੇ ਤਾਇਨਾਤ ਹਨ। ਸੰਨ 2027 ਤਕ ਤਾਂ 347 ਪ੍ਰੋਫ਼ੈਸਰਾਂ ਵਿੱਚੋਂ ਲਗਭਗ 300 ਪ੍ਰੋਫ਼ੈਸਰ ਸੇਵਾਮੁਕਤ ਹੋ ਜਾਣਗੇ। ਚੀਮਾ ਨੇ ਕਿਹਾ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਸਥਿਤ ਸਰਕਾਰੀ ਕਾਲਜਾਂ ਵਿੱਚ ਸਿੱਖਿਆ ਅਤੇ ਪ੍ਰੋਫ਼ੈਸਰਾਂ ਦੀ ਸਥਿਤੀ ਹੋਰ ਵੀ ਮਾੜੀ ਹੈ ਕਿਉਂਕਿ ਇੱਥੇ ਪੜਾਏ ਜਾਂਦੇ ਵਿਸ਼ਿਆਂ ਦੇ ਰੈਗੂਲਰ ਪ੍ਰੋਫ਼ੈਸਰ ਹੈ ਹੀ ਨਹੀਂ।

ਹਰਪਾਲ ਸਿੰਘ ਚੀਮਾ ਨੇ ਦੋੋਸ਼ ਲਾਇਆ ਕਿ ਪੰਜਾਬ ਵਿਚੋਂ ਉਚੇਰੀ ਸਿੱਖਿਆ ਨੂੰ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਖ਼ਤਮ ਕੀਤਾ ਜਾ ਰਿਹਾ ਹੈ, ਜਿਸ ਦੇ ਖ਼ਤਰਨਾਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ, ਕਿਉਂਕਿ ਜਿਨਾਂ ਸਰਕਾਰੀ ਡਿਗਰੀ ਕਾਲਜਾਂ ਵਿੱਚ ਦਾਖ਼ਲਾ ਲੈਣ ਲਈ ਨੌਜਵਾਨ ਤਰਸਦੇ ਹੁੰਦੇ ਸਨ ਹੁਣ ਇਹ ਕਾਲਜ ਵਿਦਿਆਰਥੀਆਂ ਤੋਂ ਸੱਖਣੇ ਹੋ ਗਏ ਹਨ। ਉਨਾਂ ਦੋਸ਼ ਲਾਇਆ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਸਿੱਖਿਆ ਬਜਟ ‘ਚ ਨਿਰੰਤਰ ਕਟੌਤੀ ਕੀਤੀ ਹੈ, ਜਿਸ ਕਾਰਨ ਸਰਕਾਰੀ ਖੇਤਰ ਦੇ ਕਾਲਜਾਂ ਵਿੱਚ ਉਚੇਰੀ ਸਿੱਖਿਆ ਦਾ ਭੱਠਾ ਬੈਠਦਾ ਜਾ ਰਿਹਾ ਹੈ। ਚੀਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ‘ਚ ਉਚੇਰੀ ਸਿੱਖਿਆ ਦੇ ਵਿਕਾਸ ਲਈ ਬਜਟ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਵਿੱਚ ਉਚੇਰੀ ਸਿੱਖਿਆ ਪ੍ਰਤੀ ਉਤਸ਼ਾਹ ਮੁੜ ਸੁਰਜੀਤ ਕੀਤਾ ਜਾ ਸਕੇ।

Facebook Comments

Trending