ਪੰਜਾਬੀ

ਉੱਚ ਪੱਧਰੀ ਅੰਤਰਰਾਸ਼ਟਰੀ ਵਫ਼ਦ ਨੇ ਐਸਸੀਡੀ ਸਰਕਾਰੀ ਕਾਲਜ ਦਾ ਕੀਤਾ ਦੌਰਾ

Published

on

ਲੁਧਿਆਣਾ : ਕੀਨੀਆ ਤੋਂ ਆਏ ਰਾਜ ਮਹਿਮਾਨਾਂ ਨੇ ਅੱਜ ਲੁਧਿਆਣਾ ਦੇ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੇ ਵਿਹੜੇ ਦਾ ਦੌਰਾ ਕੀਤਾ। ਇਸ ਉੱਚ ਪੱਧਰੀ ਕੌਮਾਂਤਰੀ ਵਫ਼ਦ ਵਿੱਚ ਕੀਨੀਆ ਗਣਰਾਜ ਦੇ ਗਵਰਨਰ ਸ੍ਰੀ ਪੈਟਰਿਕ ਖੈਮਬਾ, ਉਨ੍ਹਾਂ ਦੀ ਪਤਨੀ ਸ੍ਰੀਮਤੀ ਐਚ ਈ ਲਾਦਿਆ ਅਤੇ ਸ੍ਰੀਮਤੀ ਮੈਰੀ ਨੇਜ਼ੋਮੋ ਖੇਤੀਬਾੜੀ ਮੰਤਰੀ, ਕੀਨੀਆ ਗਣਰਾਜ ਨੇ ਸ਼ਿਰਕਤ ਕੀਤੀ।

ਉਨ੍ਹਾਂ ਲੁਧਿਆਣਾ ਦੇ ਇਸ ਕਾਲਜ ਨੂੰ ਹੀ ਸਟੇਟ ਟੂਰ ਲਈ ਚੁਣਿਆ ਅਤੇ ਇੱਥੇ ਆਉਣ ਲਈ ਆਪਣੀ ਸਹਿਮਤੀ ਜ਼ਾਹਰ ਕੀਤੀ। ਇਸ ਸਰਕਾਰੀ ਦੌਰੇ ਵਿੱਚ ਹਿੱਸਾ ਲੈਣ ਵਾਲੇ ਹੋਰ ਭਾਰਤੀ ਪਤਵੰਤਿਆਂ ਵਿੱਚ ਪ੍ਰੋ. ਪਰਵਿੰਦਰ ਸਿੰਘ ਵਾਈਸ ਚਾਂਸਲਰ, ਰਾਇਤ ਬਾਹਰਾ ਯੂਨੀਵਰਸਿਟੀ ਵੀ ਸ਼ਾਮਲ ਹੋਏ । ਮਹਿਮਾਨਾਂ ਦੇ ਇਸ ਅੰਤਰਰਾਸ਼ਟਰੀ ਦੌਰੇ ਦਾ ਮੁੱਖ ਮਕਸਦ ਇੱਥੇ “ਖੋਜ ਅਤੇ ਟਿਕਾਊ ਖੇਤੀਬਾੜੀ ਅਭਿਆਸਾਂ ਦੇ ਆਦਾਨ-ਪ੍ਰਦਾਨ ਲਈ ਤਕਨਾਲੋਜੀ ਦਾ ਵਿਕਾਸ” ਸੀ।

ਕਾਲਜ ਦੇ ਪ੍ਰਿੰਸੀਪਲ ਪ੍ਰੋ ਡਾ ਪ੍ਰਦੀਪ ਸਿੰਘ ਵਾਲੀਆ ਨੇ ਆਏ ਹੋਏ ਸਟੇਟ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਖੁਸ਼ੀ-ਖੁਸ਼ੀ ਉਨ੍ਹਾਂ ਨੂੰ ਕਾਲਜ ਕੈਂਪਸ ਦਿਖਾਇਆ। ਇਸ ਮੌਕੇ ਕਾਲਜ ਦੇ ਐਨਸੀਸੀ (ਆਰਮੀ ਵਿੰਗ) ਕੈਡਿਟਾਂ ਨੇ ਐਸਐਲਆਰ ਰਾਈਫਲਾਂ ਦੇ ਨਾਲ ਗਾਰਡ ਆਫ ਆਨਰ ਦਿੱਤਾ ਅਤੇ ਆਏ ਮਹਿਮਾਨਾਂ ਦਾ ਸਵਾਗਤ ਕਰਨ ਲਈ ਕਾਲਜ ਦੀ ਗਿੱਧਾ ਟੀਮ ਨੇ ਗਿੱਧਾ ਪਾ ਕੇ ਨਾ ਸਿਰਫ ਉਨ੍ਹਾਂ ਦਾ ਸਵਾਗਤ ਕੀਤਾ ਸਗੋਂ ਪੰਜਾਬ ਦੀ ਸੱਭਿਆਚਾਰਕ ਝਾਕੀ ਵੀ ਦਿਖਾਈ।

ਉਪਰੰਤ ਪ੍ਰਿੰਸੀਪਲ ਡਾ ਵਾਲੀਆ ਨੇ ਕਾਲਜ ਦੀਆਂ ਗਤੀਵਿਧੀਆਂ, ਪ੍ਰਾਪਤੀਆਂ ਤੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਤੇ ਸੰਖੇਪ ਵਿਚ ਦੱਸਿਆ ਕਿ ਕਿਵੇਂ ਕਾਲਜ ਆਪਣੇ ਵਿਦਿਆਰਥੀਆਂ ਰਾਹੀਂ ਸਮਾਜ ਦੀ ਉੱਨਤੀ ਵਿਚ ਹਰ ਖੇਤਰ ਵਿਚ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਮਹਿਮਾਨਾਂ ਨੇ ਇੱਥੇ ਕੈਂਪਸ ਨੂੰ ਵੇਖਣ ਲਈ ਆਪਣੀ ਸਹਿਮਤੀ ਜ਼ਾਹਰ ਕੀਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਲਜ ਵਿੱਚ ਇੱਕ ਨਵਾਂ ਔਸ਼ਧੀ ਪੌਦਾ ਬਗੀਚਾ ਤਿਆਰ ਕੀਤਾ ਜਾਵੇਗਾ ਤਾਂ ਜੋ ਇਸ ਖੇਤਰ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।

ਵਫ਼ਦ ਨੇ ਕਾਲਜ ਕੈਂਪਸ ਦੇ ਲਗਭਗ ਹਰ ਕੋਨੇ ਨੂੰ ਬਹੁਤ ਨੇੜਿਓਂ ਦੇਖਿਆ ਅਤੇ ਕਿਹਾ ਕਿ ਜਲਵਾਯੂ ਸੁਰੱਖਿਆ ਲਈ ਕਾਲਜ ਵੱਲੋਂ ਕਈ ਠੋਸ ਕਦਮ ਚੁੱਕੇ ਗਏ ਹਨ, ਪਰ ਆਉਣ ਵਾਲੇ ਜਲਵਾਯੂ ਸੰਕਟ ਨੂੰ ਧਿਆਨ ਵਿੱਚ ਰੱਖਦੇ ਹੋਏ ਜੈਵਿਕ ਖੇਤੀ ਵਰਗੇ ਹੋਰ ਕਦਮ ਚੁੱਕੇ ਜਾ ਸਕਦੇ ਹਨ। ਉਨ੍ਹਾਂ ਕਾਲਜ ਦੇ ਬੋਟੈਨੀਕਲ ਪਾਰਕ ਦਾ ਵੀ ਦੌਰਾ ਕੀਤਾ ਅਤੇ ਉਥੇ ਵੱਖ-ਵੱਖ ਸ਼੍ਰੇਣੀਆਂ ਦੇ ਪੌਦਿਆਂ ਨੂੰ ਦੇਖ ਕੇ ਕਾਲਜ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਉਨ੍ਹਾਂ ਵਰਮੀ ਕੰਪੋਸਟ ਯੂਨਿਟ ਦਾ ਵੀ ਦੌਰਾ ਕੀਤਾ ਅਤੇ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਵਾਈਸ ਚਾਂਸਲਰ ਪ੍ਰੋ. ਪਰਵਿੰਦਰ ਸਿੰਘ ਨੇ ਕਿਹਾ ਕਿ ਰਾਇਤ ਬਾਹਰਾ ਯੂਨੀਵਰਸਿਟੀ ਵੀ ਇਸ ਕਾਲਜ ਨਾਲ ਮਿਲ ਕੇ ਵਿਦਿਆਰਥੀਆਂ ਦੇ ਉਥਾਨ ਅਤੇ ਜੈਵਿਕ ਖੇਤੀ ਦੇ ਖੇਤਰ ਵਿੱਚ ਨਵੇਂ ਰਾਹ ਤਲਾਸ਼ਣ ਲਈ ਕੰਮ ਕਰੇਗੀ। ਇਸ ਮੌਕੇ ਕੈਂਪਸ ਵਿਚ ਆਏ ਮਹਿਮਾਨਾਂ ਨੇ ਕ੍ਰਮਵਾਰ ਦੋਵਾਂ ਦੇਸ਼ਾਂ, ਭਾਰਤ-ਕੀਨੀਆ ਦੇ ਰਾਸ਼ਟਰੀ ਪੌਦੇ ਬੋਹੜ ਅਤੇ ਕਿਕਰ ਲਗਾਏ।

Facebook Comments

Trending

Copyright © 2020 Ludhiana Live Media - All Rights Reserved.