Connect with us

ਧਰਮ

ਕਿਸੇ ਅਜੂਬੇ ਤੋਂ ਘੱਟ ਨਹੀਂ ਗੁਰੂ ਗ੍ਰੰਥ ਸਾਹਿਬ ਬਾਗ, ਜਾਣੋ ਕਿਉਂ ਆਉਂਦੇ ਹਨ ਸੈਲਾਨੀ ਇਸ ਨੂੰ ਦੂਰ-ਦੁਰੇਡਿਓਂ ਦੇਖਣ, ਵਿਸ਼ਵ ਦਾ ਨਿਵੇਕਲਾ ਬਾਗ

Published

on

Guru Granth Sahib Bagh is no less than a wonder, know why tourists come to see it from afar, the unique garden of the world.

ਮੋਗਾ ਜ਼ਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਇਤਿਹਾਸਕ ਪਿੰਡ ਪੱਤੋ ਹੀਰਾ ਸਿੰਘ ਵਿਖੇ ਸੁਸ਼ੋਭਿਤ ਹੈ। ਇੱਥੇ ਚਾਰ ਪਾਤਸ਼ਾਹੀਆਂ ਦੀ ਯਾਦ ਵਿਚ ਸ਼ਾਨਦਾਰ ਇਤਿਹਾਸਕ ਗੁਰਦੁਆਰਾ ਗੁਰੂਸਰ ਸਾਹਿਬ ਸੁਭਾਏਮਾਨ ਹੈ। ਇਸ ਪਾਵਨ ਅਸਥਾਨ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ, ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਹਾਸਲ ਹੈ।

ਇਸ ਇਤਿਹਾਸਕ ਗੁਰੂ ਘਰ ਦੀ ਜ਼ਮੀਨ ’ਚ ਬਣਿਆ ਗੁਰੂ ਗ੍ਰੰਥ ਸਾਹਿਬ ਬਾਗ਼ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ, ਕਿਉਂਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਵੱਖ-ਵੱਖ ਕਿਸਮ ਦੇ ਵੇਲ ਬੂਟੇ, ਦਰੱਖ਼ਤ ਆਦਿ ਬਨਸਪਤੀ ਨੂੰ ਲਗਾਇਆ ਗਿਆ ਹੈ। ਅਜਿਹਾ ਵਿਲੱਖਣ ਬਾਗ਼ ਦੁਨੀਆ ਭਰ ’ਚ ਆਪਣੀ ਮਿਸਾਲ ਆਪ ਹੈ। ਯੂਐੱਸਏ ਸਥਿਤ ਵਿਸ਼ਵ ਦੀ ਨਾਮਵਰ ਸੰਸਥਾ ਈਕੋ ਸਿੱਖ ਸੰਸਥਾ ਨੇ ਪੱਤੋ ਹੀਰਾ ਸਿੰਘ ਦੀ ਪੈਟਲਸ ਸੋਸਾਇਟੀ ਦੇ ਸਹਿਯੋਗ ਨਾਲ ਇਸ ਬਾਗ਼ ਦੀ ਸਥਾਪਨਾ ਕੀਤੀ ਹੈ। ਇਸ ਬਾਗ਼ ਦਾ ਉਦਘਾਟਨ 20 ਸਤੰਬਰ 2021 ਨੂੰ ਉੱਘੀਆਂ ਹਸਤੀਆਂ ਦੀ ਮੌਜੂਦਗੀ ਵਿਚ ਗੁਰਮਤਿ ਰਹੁ-ਰੀਤਾਂ ਨਾਲ ਪੰਜ ਪਿਆਰਿਆਂ ਦੁਆਰਾ ਕੀਤਾ ਗਿਆ।

ਪ੍ਰਬੰਧਕਾਂ ਨੇ ਦੱਸਿਆ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਅਧਿਐਨ ਕਰਦੇ ਹਾਂ ਉਸ ਵਿਚ ਬਹੁਤ ਸਾਰੇ ਵੰਨ ਸੁਵੰਨੀਆਂ ਵੇਲਾਂ ਬੂਟਿਆਂ ਤੇ ਦਰੱਖ਼ਤਾਂ ਦੇ ਵੇਰਵੇ ਮਿਲਦੇ ਹਨ, ਪ੍ਰੰਤੂ ਬਹੁਤ ਸਾਰੀ ਪੁਰਾਣੀ ਬਨਸਪਤੀ ਹਰੀ ਕ੍ਰਾਂਤੀ ਦੀ ਭੇਟ ਚੜ੍ਹਨ ਸਦਕਾ ਵਰਤਮਾਨ ਪੀੜ੍ਹੀਆਂ ਨੂੰ ਉਨ੍ਹਾਂ ਦੇ ਸਰੂਪ ਬਾਰੇ ਪਤਾ ਨਹੀਂ ਲੱਗਦਾ।

ਉਨ੍ਹਾਂ ਦੱਸਿਆ ਕਿ (ਸਿੰਮਲ) ਸਿੰਬਲ ਰੁੱਖ ਦਾ ਗੁਰਬਾਣੀ ’ਚ ਕਾਫੀ ਜ਼ਿਕਰ ਆਉਂਦਾ ਹੈ ਕਿ ਉੱਚਾ ਲੰਮਾ ਦਰੱਖ਼ਤ ਹੋਣ ਦੇ ਬਾਵਜੂਦ ਉਸ ਦੇ ਫਲ ਫੁੱਲ ਵਗੈਰਾ ਕਿਸੇ ਕੰਮ ਨਹੀਂ ਆਉਂਦੇ ਜਿਸ ਕਾਰਨ ਦੂਰੋਂ ਆਉਂਦੇ ਪੰਛੀ ਨਿਰਾਸ਼ ਹੋ ਕੇ ਪਰਤਦੇ ਹਨ। ਗੁਰੂ ਸਾਹਿਬ ਨੇ ਇਸ ਵਿਸ਼ਾਲ ਆਕਾਰ ਦੇ ਦਰੱਖ਼ਤ ਦਾ ਕੋਈ ਲਾਭ ਨਾ ਹੋਣ ਦਾ ਜ਼ਿਕਰ ਕੀਤਾ ਹੈ, ਪਰ ਸਾਡੇ ਬੱਚਿਆਂ ਨੂੰ ਅਜਿਹੇ ਦਰੱਖ਼ਤਾਂ ਦੀ ਕੋਈ ਪਛਾਣ ਨਹੀਂ ਹੈ, ਕਿਉਂਕਿ ਇਹ ਬਹੁਤ ਘੱਟ ਮਿਲਦੇ ਹਨ।

ਦੁਨੀਆ ਦੇ ਇਸ ਵਿਲੱਖਣ ਕਿਸਮ ਦੇ ਬਾਗ਼ ਵਿਚ ਦੂਰ ਦੁਰੇਡਿਓਂ ਸੈਲਾਨੀ ਪਹੁੰਚ ਰਹੇ ਹਨ। ਆਗਰਾ, ਲਖਨਊ, ਨਾਗਾਲੈਂਡ, ਬਿ੍ਰੰਦਾਬਨ, ਹਿਮਾਚਲ, ਹਰਿਆਣਾ, ਦਿੱਲੀ ਤੋਂ ਲੋਕ ਸੰਗਤ ਰੂਪੀ ਕਾਫਲਿਆਂ ’ਚ ਪੱਤੋ ਹੀਰਾ ਸਿੰਘ ਵਿਖੇ ਆਉਂਦੇ ਹਨ। ਇਸ ਤੋਂ ਇਲਾਵਾ ਵਿਦੇਸ਼ੀ ਸੈਲਾਨੀ ਯੂਕੇ ਅਤੇ ਕੈਨੇਡਾ ਤੋਂ ਵੀ ਇਸ ਬਾਗ਼ ਦੇ ਦਰਸ਼ਨਾਂ ਲਈ ਪਹੁੰਚਦੇ ਹਨ। ਇਕ ਤੀਰਥ ਅਸਥਾਨ ਦਾ ਰੂਪ ਧਾਰਨ ਕਰ ਚੁੱਕੇ ਇਸ ਨਿਵੇਕਲੇ ਪ੍ਰਾਜੈਕਟ ਤੋਂ ਸੈਲਾਨੀ ਬਹੁਮੁੱਲੀ ਜਾਣਕਾਰੀ ਹਾਸਲ ਕਰ ਰਹੇ ਹਨ। ਵਾਤਾਵਰਨ ਅਤੇ ਵਿਰਾਸਤ ਦੀ ਸੰਭਾਲ ਨਾਲ ਸਬੰਧਿਤ ਇਹ ਪ੍ਰਾਜੈਕਟ ਬਹੁਤ ਹਰਮਨਪਿਆਰਾ ਸਾਬਤ ਹੋ ਰਿਹਾ ਹੈ।

ਯਾਤਰੀ ਇੱਥੋਂ ਨਵਾਂ ਗਿਆਨ ਲੈ ਕੇ ਗੁਰਬਾਣੀ ਦੇ ਭਾਵ ਅਰਥ ਸਮਝਣ ਦਾ ਯਤਨ ਕਰਦੇ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਜਗਤ ਪ੍ਰਸਿੱਧ ਪ੍ਰਾਜੈਕਟ ਬਾਰੇ ਨੇੜਲੇ ਇਲਾਕਿਆਂ ਦੀ ਬਹੁਤੀ ਸੰਗਤ ਅਣਜਾਣ ਹੈ। ਜਦ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ ਤਾਂ ਲੋਕਾਂ ਵੱਲੋਂ ਪ੍ਰਗਟਾਈ ਗਈ ਅਣਜਾਣਤਾ ਮੰਗ ਕਰਦੀ ਹੈ ਕਿ ਇਸ ਮਹਾਨ ਉੱਦਮ ਦੀ ਜਾਣਕਾਰੀ ਮੀਡੀਆ ਦੇ ਮਾਧਿਅਮ ਰਾਹੀਂ ਪ੍ਰਚਾਰੀ ਅਤੇ ਪ੍ਰਸਾਰੀ ਜਾਵੇ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਦਾ ਲਾਹਾ ਲੈ ਸਕਣ।

ਪ੍ਰਬੰਧਕਾਂ ਨੇ ਬੜੀ ਮੁਸ਼ੱਕਤ ਨਾਲ ਇਸ ਬਾਗ਼ ਵਿਚ ਉਹ ਦਰੱਖ਼ਤ ਪੌਦੇ ਲਗਾਏ ਹਨ ਪੰਜਾਬ ਵਿਚ ਜਿਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਿੰਬਲ ਜਹੇ ਦਰੱਖ਼ਤ ਇਸ ਬਾਗ਼ ਵਿਚ ਲਗਾ ਕੇ ਅਚੰਬੇ ਤੋਂ ਘੱਟ ਨਹੀਂ ਕੀਤਾ। ਇਹ ਗੁਰੂ ਗ੍ਰੰਥ ਸਾਹਿਬ ਬਾਗ਼ ਪਵਿੱਤਰ ਗੁਰਦੁਆਰਾ ਸਾਹਿਬ ਦੀ ਬੁੱਕਲ ਵਿਚ ਬਣਿਆ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ। ਇਹ ਬਾਗ਼ ਵਿਚ ਇਕ ਸਵਾ ਏਕੜ ਵਿਚ ਛੋਟਾ ਜਿਹਾ ਪਾਉਂਡ ਵੀ ਬਣਿਆ ਹੈ, ਇਸ ਪਾਉਂਡ ਵਿਚ ਪੰਛੀਆਂ ਲਈ ਅਤੇ ਪਾਣੀ ਵਿਚ ਰਹਿੰਦੇ ਜੀਵ ਮੱਛੀ ਦਾ ਗੁਰਬਾਣੀ ਵਿਚ ਜ਼ਿਕਰ ਆਉਂਦਾ ਹੈ ਉਨ੍ਹਾਂ ਲਈ ਵੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਇਸ ਤੋਂ ਇਲਾਵਾ ਪਾਣੀ ਵਾਲੇ ਫੁੱਲ ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਵਿਚ ਖਿੜਦਾ ਹੈ ਦੀ ਵੀ ਕੋਸ਼ਿਸ਼ ਕੀਤੀ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਪੁਰਬ ਦੇ ਦਿਹਾੜੇ ’ਤੇ ਹੋਂਦ ਵਿਚ ਆਏ ਇਸ ਅਦੁੱਤੀ ਬਾਗ਼ ਵਿਚ ਗੁਰਬਾਣੀ ਦੇ ਅਰਥਾਂ ਮੁਤਾਬਕ ਹੀ ਰੁੱਖ ਲਗਾਏ ਗਏ ਹਨ। ਇਸ ਬਾਗ਼ ਵਿਚ ਗੁਰਬਾਣੀ ਮੁਤਾਬਕ ਹਰ ਰੁੱਖ ਅੱਗੇ ਉਸ ਰੁੱਖ ਦਾ ਨਾਮ ਅਤੇ ਗੁਰਬਾਣੀ ਦੀ ਤੁੱਕ ਅੰਕਿਤ ਹੈ ਅਤੇ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੋਇਆ ਹੈ ਤਾਂ ਜੋ ਵਿਦੇਸ਼ੀ ਸੈਲਾਨੀ ਨੂੰ ਇਸ ਬਾਗ਼ ਨੂੰ ਸਮਝਣ ਵਿਚ ਕੋਈ ਦਿੱਕਤ ਨਾ ਆਵੇ।

ਇਸ ਬਾਗ਼ ਵਿਚ 58 ਕਿਸਮ ਦੀ ਬਨਸਪਤੀ ਮੌਜੂਦ ਹੈ ਜਿਨ੍ਹਾਂ ਵੇਲਾਂ ਬੂਟਿਆਂ ਅਤੇ ਪੌਦਿਆਂ ਦਾ ਜ਼ਿਕਰ ਗੁਰਬਾਣੀ ਵਿਚ ਮਿਲਦਾ ਹੈ ਉਹ ਸਾਰੇ ਇਸ ਬਾਗ਼ ਵਿਚ ਉਗਾਏ ਗਏ ਹਨ। ਕਲਾਤਮਿਕ ਢੰਗ ਨਾਲ ਪੱਥਰਾਂ ਉੱਪਰ ਉਨ੍ਹਾਂ ਦੇ ਬੋਟੈਨੀਕਲ ਨਾਂ ਅਤੇ ਗੁਰਬਾਣੀ ਦੀਆਂ ਪੰਕਤੀਆਂ ਰਾਹੀਂ ਉਨ੍ਹਾਂ ਦੇ ਵੇਰਵੇ ਉੱਕਰੇ ਹੋਏ ਹਨ। ਖੋਜੀ ਵਿਦਿਆਰਥੀਆਂ ਅਤੇ ਜਗਿਆਸੂਆਂ ਲਈ ਇਹ ਜਾਣਕਾਰੀ ਬਹੁਤ ਹੀ ਦੁਰਲੱਭ ਹੈ।

ਗੁਰੂ ਗ੍ਰੰਥ ਸਾਹਿਬ ਬਾਗ ਦੇ ਨਿਵੇਕਲੇ ਪ੍ਰਾਜੈਕਟ ਦੇ ਨਾਲ ਹੀ ਪ੍ਰਬੰਧਕਾਂ ਵੱਲੋਂ ਜਲ ਜੀਵਾਂ ਅਤੇ ਪਾਣੀ ਦੇ ਪੌਦਿਆਂ ਲਈ ਵੀ ਵੱਡਾ ਹੰਭਲਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਗੁਰਬਾਣੀ ਵਿਚ ਮੱਛੀ ਵਰਗੇ ਜਲ ਜੀਵਾਂ ਦਾ ਬਹੁਤ ਵਰਣਨ ਮਿਲਦਾ ਹੈ। ਇਸ ਲਈ ਇੱਥੇ ਇਕ ਤਲਾਅ ਦੇ ਰੂਪ ਵਿਚ ਪਾਣੀ ਵਿਚਲੇ ਜੀਵ ਜੰਤੂਆਂ ਲਈ ਬਸੇਰਾ ਬਣਾਇਆ ਜਾ ਰਿਹਾ ਹੈ। ਇੱਥੇ ਅਜਿਹੇ ਜਲ ਜੀਵ ਮਿਲਣਗੇ ਜਿਨ੍ਹਾਂ ਦਾ ਵਰਣਨ ਪਾਵਨ ਗੁਰਬਾਣੀ ਵਿਚ ਗੁਰੂ ਸਾਹਿਬਾਨ ਤੇ ਭਗਤਾਂ ਦੁਆਰਾ ਕੀਤਾ ਗਿਆ ਹੈ। ਇਸ ਤੋਂ ਵੀ ਅੱਗੇ ਇਸ ਪਾਣੀ ਵਿਚ ਉਹ ਪਾਣੀ ਵਾਲੇ ਪੌਦੇ ਅਤੇ ਫੁੱਲ ਵੀ ਮਿਲਣਗੇ ਜਿਨ੍ਹਾਂ ਦੇ ਹਵਾਲੇ ਗੁਰਬਾਣੀ ਵਿਚ ਦਰਜ ਹਨ।

Facebook Comments

Trending