ਮਿਲੀ ਜਾਣਕਾਰੀ ਅਨੁਸਾਰ ਦੀਵਾਲੀ ਤੋਂ ਇਕ ਦਿਨ ਪਹਿਲਾਂ ਮੋਦੀ ਸਰਕਾਰ ਵੱਲੋਂ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੱਡੀ ਰਾਹਤ ਦਿੱਤੀ ਗਈ। ਕੇਂਦਰ ਵੱਲੋਂ ਪੈਟਰੋਲ ਵਿਚ 5 ਰੁਪਏ ਅਤੇ ਡੀਜ਼ਲ ਵਿਚ 10 ਰੁਪਏ ਦੀ ਕਟੌਤੀ ਕੀਤੀ ਗਈ।ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਗਾਹਕਾਂ ਨੂੰ ਰਾਹਤ ਦੇਣ ਲਈ ਪੈਟਰੋਲ ਤੇ ਡੀਜ਼ਲ ਉਤੇ ਵੈਟ ਦੀਆਂ ਦਰਾਂ ਘੱਟ ਕਰਨ। ਕਿਸਾਨਾਂ ਲਈ ਖੇਤੀਬਾੜੀ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਤੇ ਡੀਜ਼ਲ ਦੇ ਇਸਤੇਮਾਲ ਨੂੰ ਦੇਖਦੇ ਹੋਏ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਡੀਜ਼ਲ ਉਤੇ ਐਕਸਾਈਜ਼ ਡਿਊਟੀ ਵਿਚ 10 ਰੁਪਏ ਪ੍ਰਤੀ ਲੀਟਰ ਦੀ ਵੱਡੀ ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਇਸੇ ਤਹਿਤ ਹੁਣ ਪੰਜਾਬ ਵਿਚ ਵੀ ਪੈਟਰੋਲ ਤੇ ਡੀਜ਼ਲ ਸਸਤਾ ਹੋਵੇਗਾ। ਇਸ ਸਬੰਧੀ ਫੈਸਲਾ ਕੱਲ੍ਹ ਹੋਣ ਵਾਲੀ ਕੈਬਨਿਟ ਦੀ ਬੈਠਕ ਵਿਚ ਲਿਆ ਜਾਵੇਗਾ। ਇਹ ਜਾਣਕਾਰੀ ਸਿੱਖਿਆ ਤੇ ਖੇਡ ਮੰਤਰੀ ਪ੍ਰਗਟ ਸਿੰਘ ਨੇ ਦਿੱਤੀ।
ਉੱਥੇ ਹੀ ਮਹਿੰਗੇ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਪੰਜਾਬ ‘ਤੇ ਗੁਆਂਢੀ ਰਾਜਾਂ ਦੇ ਫੈਸਲੇ ਦਾ ਦਬਾਅ ਵੀ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਸਰਕਾਰ ਨੇ ਵੈਟ ਘਟਾਇਆ ਹੈ। । ਜਿਸ ਤੋਂ ਬਾਅਦ ਪੈਟਰੋਲ 12 ਰੁਪਏ ਅਤੇ ਡੀਜ਼ਲ 17 ਰੁਪਏ ਸਸਤਾ ਹੋ ਗਿਆ ਹੈ। ਇਸ ਦੇ ਨਾਲ ਹੀ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ‘ਚ ਵੀ ਪੈਟਰੋਲ-ਡੀਜ਼ਲ ਦਾ ਵੈਟ ਘਟਾਇਆ ਗਿਆ ਹੈ।ਪੰਜਾਬ ‘ਚ ਅਗਲੇ ਸਾਲ ਚੋਣਾਂ ਹਨ, ਅਜਿਹੇ ‘ਚ ਸਰਕਾਰ ਉਨ੍ਹਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਲੈ ਸਕਦੀ ਹੈ। ਵੈਸੇ ਵੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਸਰਕਾਰ ਚੋਣ ਮੋਡ ਵਿੱਚ ਹੈ। ਉਹ ਪਹਿਲਾਂ ਹੀ ਬਿਜਲੀ ਅਤੇ ਸੀਵਰੇਜ ਦੇ ਬਿੱਲ ਮੁਆਫ਼ ਕਰ ਚੁੱਕੇ ਹਨ। ਅਜਿਹੇ ‘ਚ ਜੇਕਰ ਕੋਈ ਵੱਡੀ ਰਾਹਤ ਨਾ ਮਿਲੀ ਤਾਂ ਇਸ ਦਾ ਖਮਿਆਜ਼ਾ ਚੋਣਾਂ ‘ਚ ਭੁਗਤਣਾ ਪੈ ਸਕਦਾ ਹੈ। ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਕਾਰਨ ਮਹਿੰਗਾਈ ਵੀ ਘੱਟ ਜਾਂ ਜ਼ਿਆਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਵਿਚਾਰ ਵਟਾਂਦਰਾ ਕਰ ਲਿਆ ਹੈ ਪਰ ਅੰਤਿਮ ਫੈਸਲਾ ਕੈਬਨਿਟ ਮੀਟਿੰਗ ਵਿੱਚ ਲਿਆ ਜਾਵੇਗਾ।