ਪੰਜਾਬੀ
ਸਰਕਾਰ ਪ੍ਰਾਈਵੇਟ ਬੱਸਾਂ ‘ਚ ਔਰਤਾਂ ਦਾ ਸਫਰ ਕਰੇ ਮੁਫ਼ਤ, ਰੋਡਵੇਜ਼ ਤੇ ਪੀ.ਆਰ.ਟੀ.ਸੀ.ਦੀ ਤਰਜ਼ ‘ਤੇ ਹੋਵੇ ਭੁਗਤਾਨ
Published
3 years agoon

ਲੁਧਿਆਣਾ : ਕੈਪਟਨ ਸਰਕਾਰ ਨੇ ਸੂਬੇ ਚ ਔਰਤਾਂ ਲਈ ਸ਼ੁਰੂ ਕੀਤੀ ਮੁਫ਼ਤ ਬੱਸ ਸੇਵਾ ਸਿਰਫ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਵਿੱਚ ਹੀ ਦਿੱਤੀ ਜਾ ਰਹੀ ਹੈ। ਪੰਜਾਬ ਦੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਬੱਸਾਂ ਵਿਚ ਵੀ ਔਰਤਾਂ ਦਾ ਕਿਰਾਇਆ ਮੁਫ਼ਤ ਕੀਤਾ ਜਾਵੇ।
ਰੋਡਵੇਜ਼ ਤੇ ਪੀ ਆਰ ਟੀ ਸੀ ਦੀ ਤਰਜ਼ ‘ਤੇ ਸਰਕਾਰ ਉਨ੍ਹਾਂ ਨੂੰ ਔਰਤਾਂ ਦਾ ਕਿਰਾਇਆ ਦੇਵੇ। ਬੱਸ ਆਪ੍ਰੇਟਰਾਂ ਨੇ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਔਰਤਾਂ ਦੇ ਕਿਰਾਏ ਦੀ ਰਕਮ ਉਨ੍ਹਾਂ ਦੇ ਟੈਕਸਾਂ ‘ਚ ਐਡਜਸਟ ਕਰ ਲਈ ਜਾਵੇ। ਬੱਸ ਆਪ੍ਰੇਟਰਾਂ ਦਾ ਤਰਕ ਹੈ ਕਿ ਸਰਕਾਰ ਦੀ ਇਸ ਸਕੀਮ ਕਾਰਨ ਪ੍ਰਾਈਵੇਟ ਬੱਸਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਤੇ ਪ੍ਰਾਈਵੇਟ ਆਪਰੇਟਰ ਘਾਟੇ ‘ਚ ਚੱਲ ਰਹੇ ਹਨ।
ਇਸ ਤੋਂ ਇਲਾਵਾ ਬੱਸ ਆਪ੍ਰੇਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਮਾਫੀਆ ਕਿਹਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਸਾਖ ਤੇ ਕਾਰੋਬਾਰ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਜੇਕਰ ਪ੍ਰਾਈਵੇਟ ਬੱਸਾਂ ਦਾ ਕਿਰਾਇਆ, ਰੂਟ, ਟੈਕਸ ਸਰਕਾਰ ਤੈਅ ਕਰਦੀ ਹੈ ਤਾਂ ਪ੍ਰਾਈਵੇਟ ਬੱਸ ਆਪ੍ਰੇਟਰ ਕਿੱਥੋਂ ਮਾਫੀਆ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੱਸ ਆਪ੍ਰੇਟਰਾਂ ਨੂੰ ਮਾਫੀਆ ਕਹਿਣਾ ਬੰਦ ਕਰੇ। ਉਨ੍ਹਾਂ ਦਾ ਤਰਕ ਹੈ ਕਿ ਪ੍ਰਾਈਵੇਟ ਬੱਸ ਆਪ੍ਰੇਟਰ ਹਰ ਸਾਲ ਸਰਕਾਰ ਨੂੰ 100 ਕਰੋੜ ਰੁਪਏ ਦਾ ਟੈਕਸ ਦੇ ਰਹੇ ਹਨ।
ਉਨ੍ਹਾਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਭਰੋਸਾ ਦਿੱਤਾ ਸੀ ਕਿ ਜਦੋਂ ਤੱਕ 50 ਫੀਸਦੀ ਰਾਈਡਰਸ਼ਿਪ ਦਾ ਨਿਯਮ ਬਣਿਆ ਰਹੇਗਾ, ਉਦੋਂ ਤੱਕ ਉਨ੍ਹਾਂ ‘ਤੇ ਟੈਕਸ ਨਹੀਂ ਲੱਗੇਗਾ। ਪਰ ਮੁੱਖ ਮੰਤਰੀ ਦੇ ਬਦਲਦੇ ਹੀ ਬੱਸ ਆਪਰੇਟਰਾਂ ਨੂੰ ਇਹ ਛੋਟ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਨੇ ਔਰਤਾਂ ਲਈ ਸਫ਼ਰ ਮੁਫ਼ਤ ਕਰ ਦਿੱਤਾ ਹੈ, ਜਿਸ ਕਾਰਨ ਔਰਤਾਂ ਨਿੱਜੀ ਬੱਸਾਂ ਵਿਚ ਨਹੀਂ ਬੈਠੀਦੀਆਂ ।
ਇਸ ਮੌਕੇ ਨਿਊ ਫਤਿਹਗੜ੍ਹ ਬੱਸ ਲੁਧਿਆਣਾ ਦੇ ਸੁਮੇਰ ਸਿੰਘ ਲਿਬੜਾ, ਅੰਮ੍ਰਿਤ ਟਰਾਂਸਪੋਰਟ ਲੁਧਿਆਣਾ ਦੇ ਗੁਰਿੰਦਰ ਜੀਤ ਸਿੰਘ, ਮਾਲਵਾ ਬੱਸ ਮੋਗਾ ਦੇ ਸ਼ੁਭਕਰਮ ਸਿੰਘ ਬਰਾੜ, ਸ਼ੇਖੂਪੁਰੀਆ ਬੱਸ ਸਰਵਿਸ ਲੁਧਿਆਣਾ ਦੇ ਇਕਬਾਲ ਸਿੰਘ, ਗਰੇਵਾਲ ਬੱਸ ਲੁਧਿਆਣਾ ਦੇ ਗੁਰਜੀਤ ਸਿੰਘ, ਰਾਜਗੁਰੂ ਬੱਸ ਸਰਵਿਸ ਦੇ ਗੁਰਜੀਤ ਸਿੰਘ, ਜੁਝਾਰ ਦੇ ਗੁਰਦੀਪ ਸਿੰਘ, ਅੰਬਾਲਾ ਬੱਸ ਸਿੰਡੀਕੇਟ ਰੋਪੜ ਦੇ ਅਮਰੀਕ ਸਿੰਘ ਅਤੇ ਹੋਰ ਆਪਰੇਟਰ ਹਾਜ਼ਰ ਸਨ।