ਪੰਜਾਬੀ

ਛੁੱਟੀਆਂ ਮਗਰੋਂ ਨਿਵੇਕਲੇ ਨਜ਼ਰ ਆਉਣਗੇ ਸਰਕਾਰੀ ਸਕੂਲ

Published

on

ਲੁਧਿਆਣਾ : ਸ਼ਹਿਰ ਦੇ ਕਈ ਸਰਕਾਰੀ ਸਕੂਲਾਂ ਨੂੰ ਸੁੰਦਰ ਦਿਖ ਦੇਣ ਲਈ ਚੱਲ ਰਹੇ ਕੰਮਾਂ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਗਰਮੀਆਂ ਦੀਆਂ ਛੁੱਟੀਆਂ ਮਗਰੋਂ ਬੱਚਿਆਂ ਨੂੰ ਕਈ ਸਰਕਾਰੀ ਸਕੂਲਾਂ ਦੀ ਨਿਵੇਕਲੀ ਦਿਖ ਦੇਖਣ ਨੂੰ ਮਿਲੇਗੀ। ਛੁੱਟੀਆਂ ਮਗਰੋਂ ਸਰਕਾਰੀ ਸਕੂਲ ਪਹਿਲੀ ਜੁਲਾਈ ਨੂੰ ਖੁੱਲ੍ਹਣੇ ਹਨ।

ਆਮ ਤੌਰ ’ਤੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਇਮਾਰਤਾਂ, ਪੜ੍ਹਾਈ ਅਤੇ ਹੋਰ ਸਹੂਲਤਾਂ ਪੱਖੋਂ ਮਾੜੇ ਮੰਨਿਆ ਜਾਂਦਾ ਰਿਹਾ ਹੈ। ਪਰ ਮੌਜੂਦਾ ਸਮੇਂ ਕਈ ਸਕੂਲਾਂ ਦੇ ਮੁਖੀਆਂ ਵੱਲੋਂ ਵਿਭਾਗ ਦੇ ਨਾਲ ਨਾਲ ਆਪਣੀਆਂ ਕੋਸ਼ਿਸ਼ਾਂ ਸਦਕਾ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਬਣਾ ਦਿੱਤਾ ਹੈ। ਮਿਸ਼ਨ ਸਮਾਰਟ ਸਕੂਲ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ। ਇਸ ਦਾ ਨਵਾਂ ਤਿਆਰ ਹੋ ਰਿਹਾ ਮੁੱਖ ਗੇਟ ਪ੍ਰਾਈਵੇਟ ਸਕੂਲ ਹੋਣ ਦਾ ਭੁਲੇਖਾ ਪਾਉਂਦਾ ਨਜ਼ਰ ਆ ਰਿਹਾ ਹੈ।

ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਕਿਹਾ ਕਿ ਸਕੂਲ ਵਿੱਚ ਵੇਟਿੰਗ ਰੂਮ, ਬਿਜਲੀ ਸਪਲਾਈ ਲਈ ਸੋਲਰ ਸਿਸਟਮ, ਆਧੁਨਿਕ ਫਰਨੀਚਰ, ਕੰਪਿਊਟਰ ਲੈਬ, ਲਾਇਬ੍ਰੇਰੀ, ਮਿਡ-ਡੇਅ-ਮੀਲ ਲਈ ਆਧੁਨਿਕ ਰਸੋਈ ਆਦਿ ਸਹੂਲਤਾਂ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਵੀ ਆਪਣੇ ਵੱਲ ਖਿੱਚ ਰਹੀਆਂ ਹਨ।

ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਵਿੱਚ ਇੰਚਾਰਜ ਨਰਿੰਦਰ ਸਿੰਘ ਦੀ ਅਗਵਾਈ ਹੇਠ ਨਵੀਂ ਸੁੰਦਰ ਇਮਾਰਤ ਤਿਆਰ ਕੀਤੀ ਗਈ ਹੈ। ਸਕੂਲ ਵਿੱਚ ਪਹਿਲਾਂ ਹੀ ਟ੍ਰੈਫਿਕ ਪਾਰਕ, ਮੈਥ ਪਾਰਕ, ਵਾਟਰ ਰੀਚਾਰਜ਼ ਸਿਸਟਮ, ਕੰਪਿਊਟਰ ਲੈਬ, ਪ੍ਰਾਜੈਕਟਰ ਰਾਹੀਂ ਪੜ੍ਹਾਈ, ਫਸਟ ਏਡ ਰੂਮ ਆਦਿ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸ਼ਹਿਰ ਦੇ ਲੱਗਪਗ ਸਾਰੇ ਹੀ ਸਕੂਲਾਂ ਦੀਆਂ ਬਾਹਰੀ ਕੰਧਾਂ, ਕਮਰਿਆਂ ਅਤੇ ਵਿਹੜਿਆਂ ਨੂੰ ਗਿਆਨ ਭਰਪੂਰ ਜਾਣਕਾਰੀ ਦੇ ਨਾਲ ਨਾਲ ਸੁੰਦਰ ਰੰਗਾਂ ਰਾਹੀਂ ਸਜਾਇਆ ਜਾ ਰਿਹਾ ਹੈ।

Facebook Comments

Trending

Copyright © 2020 Ludhiana Live Media - All Rights Reserved.