ਪੰਜਾਬੀ

ਚਾਈਨਾ ਡੋਰ ਨੂੰ ਰੋਕਣ ਲਈ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਸਖ਼ਤ ਕਦਮ ਚੁੱਕਣ : ਪ੍ਰਧਾਨ ਚਾਹਲ

Published

on

ਲੁਧਿਆਣਾ : ਚਾਈਨਾ ਡੋਰ ਦੀ ਵਰਤੋਂ ਹਲਕਾ ਸਾਹਨੇਵਾਲ ਦੇ ਪਿੰਡਾਂ ਅਤੇ ਸਾਹਨੇਵਾਲ ਸ਼ਹਿਰ ਦੇ ਅੰਦਰ ਧੜਾਧੜ ਵਰਤੋਂ ਹੋ ਰਹੀ ਹੈ, ਜਿਸ ਤੋਂ ਸਿਵਲ ਪ੍ਰਸ਼ਾਸਨ ਬੇਖਬਰ ਹੈ। ਸ਼ਾਇਦ ਪ੍ਰਸ਼ਾਸਨ ਕਿਸੇ ਵੱਡੀ ਘਟਨਾ ਦੀ ਇੰਤਜ਼ਾਰ ਵਿੱਚ ਹੈ। ਇਹ ਸ਼ਬਦ ਟਰੱਕ ਯੂਨੀਅਨ ਸਾਹਨੇਵਾਲ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਚਾਹਲ ਵੱਲੋਂ ਆਖੇ ਗਏ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਚਾਈਨਾ ਡੋਰ ਦੀ ਵਿਕਰੀ ਰੋਕਣ ਲਈ ਸਖਤ ਕਦਮ ਚੁੱਕੇ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਚਾਈਨਾ ਡੋਰ ਦੀ ਵਰਤੋਂ ‘ਤੇ ਬੇਸ਼ਕ ਸਰਕਾਰ ਵੱਲੋਂ ਪਬੰਦੀ ਲਗਾਈ ਗਈ ਹੈ ਪਰ ਪਿੰਡਾਂ ਅਤੇ ਸ਼ਹਿਰਾਂ ਦੇ ਅੰਦਰ ਅਤੇ ਬਾਹਰ ਇਸ ਦੀ ਵਰਤੋਂ ਸ਼ਰੇਆਮ ਹੋ ਰਹੀ ਹੈ, ਜਿਸ ਨਾਲ ਕਦੇ ਵੀ ਕੋਈ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਨਾਲ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਅਨੇਕਾਂ ਹੀ ਘਟਨਾਵਾਂ ਵਾਪਰ ਚੁਕੀਆਂ ਹਨ। ਮੋਟਰਸਾਈਕਲ, ਐਕਟਿਵਾ ਆਦਿ ‘ਤੇ ਚੱਲਣ ਵਾਲੇ ਲੋਕ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਰਹੇ ਹਨ ਅਤੇ ਕਈ ਕੀਮਤੀ ਜਾਨਾਂ ਨੂੰ ਵੀ ਮੌਤ ਨੇ ਵੀ ਨਿਗਲ ਲਿਆ।

ਵੱਧ ਮੁਨਾਫਾ ਕਮਾਉਣ ਦੇ ਚੱਕਰ ਵਿੱਚ ਦੁਕਾਨਦਾਰ ਸਰਕਾਰੀ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਹ ਮੌਤ ਦੀ ਡੋਰ ਵੇਚਣ ਵਾਲਿਆਂ ‘ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਉਸ ਦੇ ਨਾਲ-ਨਾਲ ਇਸ ਦੀ ਵਰਤੋਂ ਕਰਨ ਵਾਲਿਆਂ ਨੂੰ ਕਾਨੂੰਨੀ ਕਰਵਾਈ ਅਧੀਨ ਲਿਆਂਦਾ ਜਾਣਾ ਚਾਹੀਦਾ ਹੈ। ਪ੍ਰਧਾਨ ਚਾਹਲ ਨੇ ਕਿਹਾ ਕਿ ਭਾਰਤ ਸਰਕਾਰ ਜਿਹੜੀਆਂ ਵੀ ਫਰਮਾਂ ਇਸ ਮੌਤ ਦੀ ਡੋਰ ਨੂੰ ਤਿਆਰ ਕਰਦੀਆਂ ਹਨ ਉਹਨਾਂ ਦੇ ਲਾਈਸੈਂਸ ਰੱਦ ਕਰਕੇ ਜੇਲਾਂ ਵਿੱਚ ਬੰਦ ਕਰਨੇ ਚਾਹੀਦੇ ਹਨ।

ਉਨ੍ਹਾਂ ਨੇ ਬੱਚਿਆਂ ਦੇ ਮਾਤਾ-ਪਿਤਾ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਚਾਈਨਾ ਡੋਰ ਖਰੀਦਣ ਦੀ ਬਿਲਕੁਲ ਮਨਾਹੀ ਕੀਤੀ ਜਾਵੇ। ਉਨ੍ਹਾਂ ਸਕੂਲਾਂ ਅੰਦਰ ਅਧਿਆਪਕ ਵਰਗ ਨੂੰ ਵੀ ਇਸ ਦੀ ਵਰਤੋਂ ਕਰਨ ਤੇ ਹੋ ਰਹੇ ਨੁਕਸਾਨਾਂ ਅਤੇ ਦੁਰਘਟਨਾਵਾਂ ਬਾਰੇ ਬੱਚਿਆਂ ਨੂੰ ਲਗਾਤਾਰ ਜਾਣਕਾਰੀ ਦਿੰਦੇ ਰਹਿਣ ਲਈ ਬੇਨਤੀ ਕੀਤੀ। ਅੰਤ ਵਿੱਚ ਪ੍ਰਧਾਨ ਅਵਤਾਰ ਚਾਹਲ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਤੰਗ ਅਤੇ ਡੋਰ ਵੇਚਣ ਵਾਲਿਆਂ ਦੁਕਾਨਦਾਰਾਂ ਦੀ ਰੁਟੀਨ ਚੈਕਿੰਗ ਕਰਕੇ ਮੌਕੇ ਤੇ ਹੀ ਭਾਰੀ ਜੁਰਮਾਨੇ ਤੋਂ ਇਲਾਵਾ ਦੁਕਾਨਾਂ ਦੀ ਤਾਲਾਬੰਦੀ ਕੀਤੀ ਜਾਵੇ।

Facebook Comments

Trending

Copyright © 2020 Ludhiana Live Media - All Rights Reserved.