ਪੰਜਾਬੀ

19 ਤੋਂ 26 ਜੂਨ ਤੱਕ, 3.52 ਲੱਖ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਦੀਆਂ ਬੂੰਦਾਂ

Published

on

ਲੁਧਿਆਣਾ : ਪਲਸ ਪੋਲੀਓ ਮੁਹਿੰਮ ਦਾ ਪੰਜ ਦਿਨਾਂ ਸਬ-ਰਾਸ਼ਟਰੀ ਟੀਕਾਕਰਨ ਦੌਰ (ਐਸ.ਐਨ.ਆਈ.ਡੀ.) 19 ਜੂਨ ਤੋਂ 23 ਜੂਨ, 2022 ਤੱਕ ਸ਼ੁਰੂ ਹੋਵੇਗਾ ਜਿਸ ਵਿੱਚ 352765 ਬੱਚੇ ਲੁਧਿਆਣਾ ਵਿੱਚ ਕਵਰ ਕੀਤੇ ਜਾਣਗੇ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਸਿਹਤ ਵਿਭਾਗ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਮੁਹਿੰਮ ਦੌਰਾਨ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾ ਪਿਲਾਈਆਂ ਜਾਣਗੀਆਂ ਜਿਸਦੇ ਤਹਿਤ ਕਰੀਬ 1500 ਟੀਮਾਂ ਵੱਲੋਂ 860912 ਘਰਾਂ ਦਾ ਦੌਰਾ ਕੀਤਾ ਜਾਵੇਗਾ।

ਮੀਟਿੰਗ ਦੌਰਾਨ ਉਨ੍ਹਾਂ ਗੁਆਂਢੀ ਸੂਬਿਆਂ ‘ਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਬਾਰੇ ਪ੍ਰਾਪਤ ਖ਼ਬਰਾਂ ‘ਤੇ ਚਿੰਤਾ ਪ੍ਰਗਟ ਕਰਦਿਆਂ, ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੀ ਸੈਂਪਲਿੰਗ ਵਿੱਚ ਵਾਧਾ ਕਰਨ ਅਤੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਮੈਗਾ ਟੀਕਾਕਰਣ ਕੈਂਪ ਵੀ ਲਗਾਏ ਜਾਣ। ਉਨ੍ਹਾਂ ਵਸਨੀਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜ਼ਿਨ੍ਹਾਂ ਕੋਵਿਡ-19 ਦੀ ਪਹਿਲੀ ਡੋਜ਼ ਲੈ ਲਈ ਹੈ ਉਹ ਤੁਰੰਤ ਆਪਣੀ ਦੂਜੀ ਡੋਜ ਵੀ ਲਗਵਾ ਲੈਣ।

ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਅੱਗੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੋਲੀਓ ਟੀਕਾਕਰਣ ਲਈ 1500 ਟੀਮਾਂ ਦਾ ਗਠਨ ਕੀਤਾ ਹੈ ਜਿਨ੍ਹਾਂ ਵਿੱਚ 1322 ਘਰ-ਘਰ ਟੀਮਾਂ, 57 ਟ੍ਰਾਂਜਿਟ ਟੀਮਾਂ ਅਤੇ 121 ਮੋਬਾਈਲ ਟੀਮਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 335 ਸੁਪਰਵਾਈਜ਼ਰਾਂ ਦੀ ਅਗਵਾਈ ਵਾਲੀ ਸਿਹਤ ਟੀਮਾਂ ਦੇ 3334 ਮੈਂਬਰ ਮਿੱਥੇ ਟੀਚੇ ਨੂੰ ਪ੍ਰਾਪਤ ਕਰਨਗੀਆਂ।

ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਪੰਜ ਦਿਨਾਂ ਦੌਰਾਨ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਕਵਰ ਕਰਨ ਲਈ ਵੱਖ-ਵੱਖ ਚੋਣਵੀਆਂ ਥਾਵਾਂ ‘ਤੇ ਸਥਾਈ ਕੈਂਪ ਵੀ ਲਗਾਏ ਜਾਣਗੇ। ਸ੍ਰੀਮਤੀ ਮਲਿਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ 0-5 ਸਾਲ ਤੱਕ ਦੇ ਬੱਚਿਆਂ ਨੂੰ ਇਨ੍ਹਾਂ ਦਿਨਾਂ ਦੌਰਾਨ ਨੇੜਲੇ ਪੋਲੀਓ ਬੂਥਾਂ ਵਿੱਚ ਪੋਲੀਓ ਬੂੰਦਾਂ ਜ਼ਰੂਰ ਪਿਲਾਈਆਂ ਜਾਣ।

ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਪੋਲੀਓ ਬਿਮਾਰੀ ਵਿਰੁੱਧ ਜੰਗ ਨੂੰ ਜਿੱਤਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਨਿਰਮਾਣ ਸਥਾਨਾਂ ਅਤੇ ਇੱਟਾਂ ਦੇ ਭੱਠਿਆਂ ਦਾ ਵਿਸ਼ੇਸ਼ ਦੌਰਾ ਕਰਕੇ ਵਧੇਰੇ ਜੋਖਮ ਵਾਲੇ ਪ੍ਰਵਾਸੀ ਆਬਾਦੀ ‘ਤੇ ਧਿਆਨ ਕੇਂਦਰਤ ਕਰਨ ਲਈ ਕਿਹਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਸਿਹਤ ਟੀਮਾਂ ਨੂੰ ਸਹਿਯੋਗ ਦੇਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਸਰਜਨ ਡਾ. ਐਸ.ਪੀ. ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨੀਸ਼ਾ ਖੰਨਾ, ਸੀਨੀਅਰ ਮੈਡੀਕਲ ਅਫ਼ਸਰ (ਐਸ.ਐਮ.ਓ) ਸਹਿਬਾਨ, ਸੀਨੀਅਰ ਮੈਡੀਕਲ ਅਫ਼ਸਰ ਡਬਲਿਊ.ਐਚ.ਓ. ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Facebook Comments

Trending

Copyright © 2020 Ludhiana Live Media - All Rights Reserved.