ਅਪਰਾਧ

ਵਿਦੇਸ਼ ਤੋਂ ਭੇਜਿਆ ਪਾਰਸਲ ਛੁਡਵਾਉਣ ਦਾ ਲਾਲਚ ਦੇ ਕੇ ਮਾਰੀ 10 ਲੱਖ ਦੀ ਠੱਗੀ

Published

on

ਲੁਧਿਆਣਾ : ਫਰਜ਼ੀ ਕਸਟਮ ਅਧਿਕਾਰੀ ਅਤੇ ਖ਼ੁਦ ਨੂੰ ਵਿਦੇਸ਼ੀ ਦੱਸਣ ਵਾਲੇ ਵਿਅਕਤੀ ਨੇ ਆਪਸ ਵਿਚ ਮਿਲੀਭੁਗਤ ਕਰਕੇ ਲੁਧਿਆਣਾ ਦੀ ਰਹਿਣ ਵਾਲੀ ਇਕ ਲੜਕੀ ਨਾਲ 10 ਲੱਖ ਰੁਪਏ ਦੀ ਧੋਖਾਧੜੀ ਕੀਤੀ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਗੁਰੂ ਅਰਜਨ ਦੇਵ ਨਗਰ ਦੀ ਰਹਿਣ ਵਾਲੀ ਅਮਨਦੀਪ ਕੌਰ ਦੇ ਬਿਆਨ ਉੱਪਰ ਨਾਗਾਲੈਂਡ ਦੇ ਵਾਸੀ ਰਿਚਰਡ ਮੈਕ ,ਫਰੀਦਾਬਾਦ ਦੀ ਰਹਿਣ ਵਾਲੀ ਖੁਸ਼ਬੂ ਅਤੇ ਨਾਗਾਲੈਂਡ ਦੀ ਰਹਿਣ ਵਾਲੀ ਹੋਵੀਕਲੀ ਅਚਹੁਮੀ ਦੇ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇੰਸਟਾਗ੍ਰਾਮ ਦੇ ਜ਼ਰੀਏ ਉਸ ਦੀ ਦੋਸਤੀ ਮੁਲਜਮ ਰਿਚਰਡ ਮੈਕ ਨਾਲ ਹੋ ਗਈ । ਰਿਚਰਡ ਨੇ ਆਪਣੇ ਆਪ ਨੂੰ ਵਿਦੇਸ਼ੀ ਦੱਸਿਆ ਅਤੇ ਗੱਲਾਂ ਵਿਚ ਲਗਾ ਕੇ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ। ਜੁਲਾਈ ਮਹੀਨੇ ਤੋਂ ਪਹਿਲੋਂ ਰਿਚਰਡ ਨੇ ਅਮਨਦੀਪ ਕੌਰ ਨੂੰ ਇਹ ਕਿਹਾ ਕਿ ਉਹ ਉਸਦੇ ਲਈ ਇਕ ਬਹੁਤ ਹੀ ਕੀਮਤੀ ਪਾਰਸਲ ਭੇਜ ਰਿਹਾ ਹੈ। ਕੁਝ ਦਿਨਾਂ ਬਾਅਦ ਗਿਰੋਹ ਦੇ ਬਾਕੀ ਮੈਂਬਰਾਂ ਨੇ ਅਮਨਦੀਪ ਕੌਰ ਨੂੰ ਫੋਨ ਕਰਨੇ ਸ਼ੁਰੂ ਕੀਤੇ ਅਤੇ ਇਹ ਆਖਿਆ ਕਿ ਉਨ੍ਹਾਂ ਦਾ ਪਾਰਸਲ ਕਸਟਮ ਵਿੱਚ ਆ ਗਿਆ ਹੈ।

ਖ਼ੁਦ ਨੂੰ ਕਸਟਮ ਵਿਭਾਗ ਦੇ ਅਧਿਕਾਰੀ ਦੱਸਣ ਵਾਲੇ ਸ਼ਾਤਰ ਮੁਲਜ਼ਮਾਂ ਨੇ ਕਸਟਮ ਡਿਊਟੀ ਦੇ ਨਾਮ ਤੇ ਅਮਨਦੀਪ ਕੌਰ ਕੋਲੋਂ ਵੱਖ ਵੱਖ ਖਾਤਿਆਂ ਵਿੱਚ ਪੂਰੇ 10 ਲੱਖ ਰੁਪਏ ਟਰਾਂਸਫਰ ਕਰਵਾ ਲਏ। 10 ਲੱਖ ਰੁਪਏ ਹਾਸਲ ਕਰਨ ਤੋਂ ਬਾਅਦ ਮੁਲਜ਼ਮ ਹੋਰ ਰਕਮ ਟਰਾਂਸਫਰ ਕਰਨ ਦੀ ਗੱਲ ਆਖਣ ਲੱਗ ਪਏ। ਸ਼ੱਕ ਜਤਾਉਂਦਿਆਂ ਜਦੋਂ ਅਮਨਦੀਪ ਕੌਰ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਆਪਣੇ ਫੋਨ ਬੰਦ ਕਰ ਲਏ। 15 ਜੁਲਾਈ ਨੂੰ ਅਮਨਦੀਪ ਕੌਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਕਈ ਮਹੀਨਿਆਂ ਦੀ ਚੱਲੀ ਪੜਤਾਲ ਤੋਂ ਬਾਅਦ ਪੁਲਿਸ ਨੇ ਰਿਚਰਡ ਮੈਕ ਸਮੇਤ ਤਿੰਨ ਮੁਲਜ਼ਮਾਂ ਦੇ ਖਿਲਾਫ ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ।

Facebook Comments

Trending

Copyright © 2020 Ludhiana Live Media - All Rights Reserved.