ਪੰਜਾਬੀ

ਖ਼ੁਰਾਕ ਸਪਲਾਈ ਵਿਭਾਗ ਵੱਲੋਂ ਕਣਕ ਵੰਡ ਦੀ ਨਿਗਰਾਨੀ ਲਈ ਅਚਨਚੇਤ ਚੈਕਿੰਗ ਜਾਰੀ

Published

on

ਲੁਧਿਆਣਾ :  ਖ਼ੁਰਾਕ ਸਪਲਾਈ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਫੇਜ 6 ਅਧੀਨ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਯੋਗ ਲਾਭਪਾਤਰੀਆਂ ਨੂੰ ਕਣਕ ਦੀ ਮੁਫ਼ਤ ਵੰਡ ਈ-ਪੌਜ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਹੈ। ਜ਼ਿਲਾ ਖ਼ੁਰਾਕ ਸਪਲਾਈ ਕੰਟਰੋਲਰ ਲੁਧਿਆਣਾ ਈਸਟ ਸ੍ਰੀਮਤੀ ਸ਼ਿਫਾਲੀ ਚੋਪੜਾ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਤਹਿਤ ਹਰੇਕ ਯੋਗ ਲਾਭਪਾਤਰੀ ਨੂੰ ਪੰਜ ਕਿੱਲੋ ਪ੍ਰਤੀ ਜੀਅ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਛੇ ਮਹੀਨਿਆਂ ਦੀ ਕਣਕ ਦੀ ਵੰਡ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਵਿਭਾਗ ਲਾਭਪਾਤਰੀਆਂ ਨੂੰ ਬਣਦੇ ਕੋਟੇ ਦਾ ਇੱਕ ਇੱਕ ਦਾਣਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੇ ਹਿੱਤਾਂ ਦਾ ਧਿਆਨ ਰੱਖਣ ਅਤੇ ਕਣਕ ਵੰਡ ਦੀ ਨਿਗਰਾਨੀ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਜਿਲਾ ਲੁਧਿਆਣਾ ਦੇ ਵੱਖ ਵੱਖ ਇਲਾਕਿਆਂ ਵਿੱਚ ਅਚਨਚੇਤ ਚੈਕਿੰਗ ਕਰ ਰਹੀਆਂ ਹਨ।

ਇਸੇ ਦੌਰਾਨ ਇੱਕ ਸ਼ਿਕਾਇਤ ਦੇ ਅਧਾਰ ‘ਤੇ ਲੁਧਿਆਣਾ ਸ਼ਹਿਰ ਦੇ ਨਿਊ ਕੁਲਦੀਪ ਨਗਰ ਇਲਾਕੇ ਵਿਖੇ ਖ਼ੁਰਾਕ ਸਪਲਾਈ ਅਫਸਰ ਲੁਧਿਆਣਾ ਅਤੇ ਸਹਾਇਕ ਖ਼ੁਰਾਕ ਸਪਲਾਈ ਅਫਸਰ ਲੁਧਿਆਣਾ ‘ਤੇ ਆਧਾਰਿਤ ਟੀਮਾਂ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਹਾਜ਼ਰ ਸ਼ਿਕਾਇਤਕਰਤਾ/ਖਪਤਕਾਰਾਂ ਦੇ ਬਿਆਨ ਕਲਮਬੱਧ ਕੀਤੇ, ਜਿਨ੍ਹਾਂ ਵੱਲੋਂ ਵਿਭਾਗ ਦੇ ਕੰਮ ਕਾਜ ਨੂੰ ਲੈ ਕੇ ਸਤੁੰਸ਼ਟੀ ਜ਼ਾਹਰ ਕੀਤੀ ਗਈ।

ਜਿਲਾ ਕੰਟਰੋਲਰ ਵੱਲੋਂ ਸਟਾਫ ਰਾਹੀਂ ਡਿਪੂ ਹੋਲਡਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਗਰਮੀ ਅਤੇ ਬਰਸਾਤਾਂ ਦੇ ਇਨ੍ਹਾਂ ਦਿਨਾਂ ਦੌਰਾਨ ਡਿਪੂ ਤੋਂ ਕਣਕ ਪ੍ਰਾਪਤ ਕਰਨ ਲਈ ਜ਼ਿਆਦਾ ਇਕੱਠ ਕਰਨ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਕਣਕ ਪ੍ਰਾਪਤ ਕਰਨ ਵਿੱਚ ਲਾਭਪਾਤਰੀਆਂ ਖਾਸ ਤੌਰ ਤੇ ਬਜ਼ੁਰਗਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕਣਕ ਵੰਡ ਵਿੱਚ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.