ਪੰਜਾਬ ਨਿਊਜ਼

ਪੰਜਾਬ ਦੇ ਪਿੰਡਾਂ ’ਚ ਬਣੇ ਫੋਕਲ ਪੁਆਇੰਟ ਪ੍ਰਕਾਸ਼ ਸਿੰਘ ਬਾਦਲ ਦੀ ਹਨ ਦੇਣ

Published

on

ਲੁਧਿਆਣਾ : ਸਿਆਸਤ ਦੇ ਬਾਬਾ ਬੋਹੜ ਮੰਨੇ ਸੂਬੇ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਭਾਵੇਂ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ ਪਰ ਉਨ੍ਹਾਂ ਦੇ ਸਿਆਸੀ ਸਫ਼ਰ ’ਚ ਕੀਤੇ ਕਾਰਜਾਂ ਨੂੰ ਲੋਕ ਚੇਤਿਆਂ ’ਚੋਂ ਵਿਸਾਰਿਆ ਨਹੀਂ ਜਾ ਸਕਦਾ। ਉਨ੍ਹਾਂ ਆਪਣੇ ਸਿਆਸੀ ਸਫਰ ’ਚ ਪਿੰਡਾਂ ’ਚ ਵਿਕਾਸ ਕਾਰਜ ਕਰਵਾਉਣ, ਖੇਤੀ ਨੂੰ ਪ੍ਰਫੁੱਲਿਤ ਕਰਨ ਅਤੇ ਕਿਸਾਨੀ ਨੂੰ ਅੱਗੇ ਲਿਜਾਣ ਲਈ ਵਧੇਰੇ ਤਰਜੀਹ ਦਿੱਤੀ।

ਉਹ ਆਪਣੇ ਮਿੱਠ ਬੋਲੜੇ ਸੁਭਾਅ ਕਰਕੇ ਹਰ ਵਰਗ ਦੇ ਚਹੇਤੇ ਬਣੇ ਰਹੇ। ਸ. ਪ੍ਰਕਾਸ਼ ਬਾਦਲ ਸੰਨ 1977 ’ਚ ਜਦ ਪਹਿਲੀ ਵਾਰ ਕੇਂਦਰੀ ਖੇਤੀਬਾੜੀ ਮੰਤਰੀ ਬਣੇ ਤਾਂ ਉਨ੍ਹਾਂ ਪੇਂਡੂ ਖੇਤਰਾਂ ’ਚ ਫੋਕਲ ਪੁਆਇੰਟ ਬਣਵਾਏ। ਪਿੰਡਾਂ ’ਚ ਚਲ ਰਹੇ ਫੋਕਲ ਪੁਆਇੰਟ ਸ. ਪ੍ਰਕਾਸ਼ ਬਾਦਲ ਦੀ ਹੀ ਦੇਣ ਹੈ।

8 ਦਸੰਬਰ 1927 ਨੂੰ ਪਿਤਾ ਰਘੁਰਾਜ ਸਿੰਘ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਜਨਮੇ ਸ. ਪ੍ਰਕਾਸ਼ ਬਾਦਲ ਨੇ ਆਪਣਾ ਸਿਆਸੀ ਜੀਵਨ ਪਿੰਡ ਬਾਦਲ ਵਿਖੇ ਸਰਪੰਚੀ ਦੀ ਚੋਣ ਨਾਲ ਸ਼ੁਰੂ ਕੀਤਾ। ਉਨ੍ਹਾਂ ਨੇ ਲਾਹੌਰ ਦੇ ਫੋਰਮੈਨ ਕ੍ਰਿਸਚੀਅਨ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਉਹ 20 ਸਾਲ ਦੀ ਉਮਰ ’ਚ ਪਿੰਡ ਬਾਦਲ ਦੀ ਸਰਪੰਚੀ ਜਿੱਤੇ। ਬਾਅਦ ’ਚ ਪੰਚਾਇਤ ਸੰਮਤੀ ਲੰਬੀ ਦੇ ਚੇਅਰਮੈਨ ਰਹੇ। ਸੰਨ 1957 ’ਚ ਮਲੋਟ ਹਲਕੇ ਤੋਂ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ।

ਇਸਤੋਂ ਬਾਅਦ 1969 ’ਚ ਵਿਧਾਨ ਸਭਾ ਦੀ ਚੋਣ ਅਤੇ ਅਕਾਲੀ ਜੰਨਸੰਘ ਗਠਜੋੜ ’ਚ ਮੰਤਰੀ ਰਹੇ। ਉਨ੍ਹਾਂ ਦਾ ਵਿਆਹ ਬੀਬੀ ਸੁਰਿੰਦਰ ਕੌਰ ਵਾਸੀ ਪਿੰਡ ਚੱਕ ਫਤਹਿ ਸਿੰਘ ਵਾਲਾ ਨਾਲ ਹੋਇਆ। ਉਹ ਪਹਿਲੀ ਵਾਰ 1970 ’ਚ ਪੰਜਾਬ ਦੇ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਚੁਣੇ ਗਏ। ਉਸਤੋਂ ਬਾਅਦ 1977, 1997, 2007 ਅਤੇ ਫਿਰ 2012 ’ਚ ਮੁੱਖ ਮੰਤਰੀ ਬਣੇ। ਉਹ 11 ਵਾਰ ਵਿਧਾਇਕ ਚੁਣੇ ਗਏ ਸਨ।

ਆਖਿਰਕਾਰ ਸਿਆਸੀ ਸਫ਼ਰ ਨੂੰ ਤੈਅ ਕਰਦਿਆਂ ਉਹ ਜਿੰਦਗੀ ਦੇ 95 ਵਰ੍ਹੇ ਪੂਰੇ ਕਰ ਮੁਹਾਲੀ ਦੇ ਫੋਰਟਿਸ ਹਸਪਤਾਲ ’ਚ ਮੌਤ ਅੱਗੇ ਹਾਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਜੱਦੀ ਪਿੰਡ ਬਾਦਲ ਵਿਖੇ ਕੀਤਾ ਜਾਵੇਗਾ ਜਿੱਥੇ ਦੇਸ਼ ਵਿਦੇਸ਼ਾਂ ਤੋਂ ਸਿਆਸਤਦਾਨ ਤੋਂ ਹੋਰ ਸਖ਼ਸੀਅਤਾਂ ਪੁੱਜ ਕੇ ਉਨ੍ਹਾਂ ਨੂੰ ਅੰਤਿਮ ਵਿਦਾੲਗੀ ਦੇਣਗੀਆਂ।

Facebook Comments

Trending

Copyright © 2020 Ludhiana Live Media - All Rights Reserved.