ਪੰਜਾਬੀ

ਪਲਾਸਟਿਕ ਦੇ ਖਤਰਨਾਕ ਪ੍ਰਭਾਵਾਂ ਤੋਂ ਵਾਤਾਵਰਣ ਨੂੰ ਬਚਾਉਣ ਲਈ ਜੂਟ ਅਤੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਲਈ ਕੀਤਾ ਪ੍ਰੇਰਿਤ

Published

on

ਲੁਧਿਆਣਾ :  ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸਿੰਗਲ ਯੂਜ਼ ਪਲਾਸਟਿਕ ‘ਤੇ ਪਾਬੰਦੀ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ ਅਤੇ ਲੋਕਾਂ ਨੂੰ ਪਲਾਸਟਿਕ ਦੇ ਖਤਰਨਾਕ ਪ੍ਰਭਾਵਾਂ ਤੋਂ ਵਾਤਾਵਰਣ ਨੂੰ ਬਚਾਉਣ ਲਈ ਜੂਟ ਅਤੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।

ਸਥਾਨਕ ਸਰਕਾਰੀ ਕਾਲਜ (ਲੜਕੀਆਂ), ਭਾਰਤ ਨਗਰ ਚੌਂਕ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿੰਗਲ ਯੂਜ ਪਲਾਸਟਿਕ ਦੀਆਂ ਵਸਤੂਆਂ ਨੂੰ ਲੋਕਾਂ ਵੱਲੋਂ ਸਿਰਫ਼ ਇੱਕ ਵਾਰ ਹੀ ਵਰਤੋਂ ਕਰਕੇ ਉਸਨੂੰ ਖੁੱਲੇ ਵਿੱਚ ਸੁੱਟ ਦਿੱਤਾ ਜਾਦਾਂ ਹੈ ਜੋਕਿ ਵਾਤਾਵਰਣ ਲਈ ਬੇਹੱਦ ਘਾਤਕ ਹੈ।

ਉਨ੍ਹਾਂ ਦੱਸਿਆ ਕਿ ਸਿੰਗਲ ਯੂਜ਼ ਆਈਟਮਾਂ ਜਿਵੇਂ ਕਿ ਪਲਾਸਟਿਕ ਦੀਆਂ ਸਟਿਕਸ ਵਾਲੀਆਂ ਈਅਰ ਬੱਡਜ਼, ਗੁਬਾਰਿਆਂ ਲਈ ਪਲਾਸਟਿਕ ਦੀਆਂ ਸਟਿਕਸ, ਪਲਾਸਟਿਕ ਦੇ ਝੰਡੇ, ਕੈਂਡੀ ਸਟਿਕਸ, ਆਈਸ-ਕ੍ਰੀਮ ਸਟਿਕਸ, ਸਜਾਵਟ ਲਈ ਪੋਲੀਸਟੀਰੀਨ (ਥਰਮੋਕੋਲ), ਪਲੇਟਾਂ, ਕੱਪ, ਗਲਾਸ, ਕਟਲਰੀ ਜਿਵੇਂ ਕਿ ਕਾਂਟੇ, ਚਮਚੇ, ਚਾਕੂ, ਪਾਈਪ, ਮਿਠਾਈਆਂ ਦੇ ਡੱਬੇ, ਸੱਦਾ ਪੱਤਰ, ਸਿਗਰੇਟ ਪੈਕੇਟ ਦੇ ਆਲੇ ਦੁਆਲੇ ਲਪੇਟਣ ਜਾਂ ਪੈਕਿੰਗ ਕਰਨ ਵਾਲੀਆਂ ਫਿਲਮਾਂ, 100 ਮਾਈਕ੍ਰੋਨ ਤੋਂ ਘੱਟ ਪਲਾਸਟਿਕ ਜਾਂ ਪੀ.ਵੀ.ਸੀ. ਬੈਨਰ, ਸਟਿੱਕਰ ਦੀ ਮੈਨਫੈਕਚਰਿੰਗ, ਆਯਾਤ, ਭੰਡਾਰ ਆਦਿ ਸ਼ਾਮਲ ਹਨ ਜਿਨ੍ਹਾ ‘ਤੇ ਪੂਰਨ ਪਹਿਲੀ ਜੁਲਾਈ, 2022 ਤੋਂ ਪੂਰਨ ਤੌਰ ‘ਤੇ ਪਾਬੰਦੀ ਲਗਾਈ ਜਾ ਚੁੱਕੀ ਹੈ।

ਉਨ੍ਹਾਂ ਅੱਗੇ ਕਿਹਾ ਕਿ ‘ਪਲਾਸਟਿਕ ਗਲਦਾ ਨਹੀਂ ਹੈ ਅਤੇ ਕਈ ਸਾਲਾਂ ਤੱਕ ਵਾਤਾਵਰਣ ਵਿੱਚ ਮੌਜੂਦ ਰਹਿੰਦਾ ਹੈ। ਬਾਅਦ ਵਿੱਚ, ਇਹ ਮਾਈਕ੍ਰੋਪਲਾਸਟਿਕਸ ਵਿੱਚ ਬਦਲ ਜਾਂਦਾ ਹੈ – ਪਹਿਲਾਂ ਸਾਡੇ ਭੋਜਨ ਸਰੋਤਾਂ ਵਿੱਚ ਦਾਖਲ ਹੁੰਦਾ ਹੈ ਅਤੇ ਫਿਰ ਮਨੁੱਖੀ ਸਰੀਰ ਵਿੱਚ ਜੋ ਕਿ ਬਹੁਤ ਨੁਕਸਾਨਦੇਹ ਹੁੰਦਾ ਹੈ’।

ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਦੁਕਾਨਦਾਰਾਂ ਨੂੰ ਪਲਾਸਟਿਕ ਕੈਰੀ ਬੈਗ ਦੀ ਕੀਮਤ ਵੀ ਵਸੂਲਣੀ ਚਾਹੀਦੀ ਹੈ ਅਤੇ ਗ੍ਰਾਹਕਾਂ ਨੂੰ ਘਰੋਂ ਕੱਪੜੇ ਜਾਂ ਜੂਟ ਦੇ ਬੈਗ ਲਿਆਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਜੋ ਵਾਤਾਵਰਣ ਪੱਖੀ ਅਤੇ ਸਸਤੇ ਹੋਣ। ਉਨ੍ਹਾਂ ਧਰਤੀ ਮਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਇਸ ਨੇਕ ਕਾਰਜ ਵਿੱਚ ਲੋਕਾਂ ਨੂੰ ਪੂਰਨ ਸਹਿਯੋਗ ਦੇਣ ਦੀ ਵੀ ਮੰਗ ਕੀਤੀ।

ਬਾਅਦ ਵਿੱਚ, ਉਨ੍ਹਾਂ ਸਟਾਲਾਂ ਦਾ ਵੀ ਦੌਰਾ ਕੀਤਾ ਜਿੱਥੇ ਮੱਕੀ ਦੇ ਸਟਾਰਚ ਤੋਂ ਬਣੇ ਸਿੰਗਲ ਯੂਜ਼ ਪਲਾਸਟਿਕ ਦੀਆਂ ਬਦਲਵੀਆਂ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ।ਸਮਾਗਮ ਦੌਰਾਨ ਸਥਾਨਕ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਿੰਗਲ ਯੂਜ਼ ਪਲਾਸਟਿਕ ਦੇ ਮੁੱਦੇ ‘ਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ।

Facebook Comments

Trending

Copyright © 2020 Ludhiana Live Media - All Rights Reserved.