ਪਟਿਆਲਾ: ਪਟਿਆਲਾ ਵਿੱਚ ਲੁੱਟ-ਖੋਹ ਦੇ ਇੱਕ ਮਾਮਲੇ ਵਿੱਚ ਭਗੌੜੇ ਮੁਲਜ਼ਮ ਅਤੇ ਪੁਲਿਸ ਵਿਚਾਲੇ ਐਨਕਾਊਂਟਰ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਪੁਲਿਸ ਵੱਲੋਂ ਨਾਭਾ ਤੋਂ ਲੁੱਟੀ ਗਈ ਥਾਰ ਜੀਪ ਦਾ ਮੁੱਖ ਦੋਸ਼ੀ ਮੁਕਾਬਲੇ ਦੌਰਾਨ ਜ਼ਖਮੀ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਸੀ.ਆਈ.ਏ. ਪਟਿਆਲਾ ਦੀ ਟੀਮ ਨਾਲ ਸੰਗਰੂਰ-ਪਟਿਆਲਾ ਬਾਈਪਾਸ ’ਤੇ ਉਪਰੋਕਤ ਮੁਕਾਬਲਾ ਹੋਇਆ, ਜਿਸ ਵਿੱਚ ਪੁਲੀਸ ਵੱਲੋਂ ਕੀਤੀ ਫਾਇਰਿੰਗ ਵਿੱਚ ਮੁਲਜ਼ਮ ਲੁਟੇਰਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪੁਲਿਸ ਨੇ ਨਾਭਾ ਤੋਂ ਲੁੱਟੀ ਗਈ ਥਾਰ ਜੀਪ ਅਤੇ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ।ਜ਼ਖ਼ਮੀ ਲੁਟੇਰੇ ਖ਼ਿਲਾਫ਼ ਪਟਿਆਲਾ, ਸੰਗਰੂਰ ਅਤੇ ਖੰਨਾ ਵਿੱਚ ਅੱਧੀ ਦਰਜਨ ਦੇ ਕਰੀਬ ਲੁੱਟ-ਖੋਹ ਦੇ ਕੇਸ ਦਰਜ ਦੱਸੇ ਜਾਂਦੇ ਹਨ। ਘਟਨਾ ਸਮੇਂ ਐਸਐਸਪੀ ਪਟਿਆਲਾ ਨਾਨਕ ਸਿੰਘ ਅਤੇ ਐਸਪੀ (ਡੀ) ਪਟਿਆਲਾ ਯੋਗੇਸ਼ ਸ਼ਰਮਾ ਅਤੇ ਵੈਭਵ ਸ਼ਰਮਾ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਮੌਜੂਦ ਸਨ।