ਪੰਜਾਬ ਨਿਊਜ਼

 ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ : ਹਰਜੋਤ ਸਿੰਘ ਬੈਂਸ  

Published

on

ਲੁਧਿਆਣਾ : ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਖਣਨ ਅਤੇ ਭੂ-ਵਿਗਿਆਨ, ਜੇਲ੍ਹਾਂ ਅਤੇ ਕਾਨੂੰਨੀ ਅਤੇ ਵਿਧਾਨਿਕ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਵਾਲੇ ਸ਼ਹੀਦਾਂ ਦੀ ਯਾਦ ਨੂੰ ਹਮੇਸ਼ਾਂ ਜੀਵਤ ਰੱਖਣਾ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਜਾਣੂ ਕਰਾਉਣਾ ਸਾਡਾ ਹਰੇਕ ਦੇਸ਼ ਵਾਸੀ ਦਾ ਫਰਜ਼ ਬਣਦਾ ਹੈ।

ਸ਼੍ਰੀ ਬੈਂਸ ਗੁਰੂ ਨਾਨਕ ਦੇਵ ਭਵਨ ਵਿਖੇ ਮਹਾਨ ਸ਼ਹੀਦ ਸੁਖਦੇਵ ਜੀ ਦੇ ਜਨਮ ਦਿਵਸ ’ਤੇ ਆਯੋਜਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਸਾਰੇ ਵਿਧਾਇਕ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ, ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਸ੍ਰੀ ਕੁਲਵੰਤ ਸਿੰਘ ਸਿੱਧੂ, ਸ੍ਰੀ ਦਲਜੀਤ ਸਿੰਘ ਗਰੇਵਾਲ, ਸ੍ਰੀ ਮਦਨ ਲਾਲ ਬੱਗਾ, ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ, ਸ੍ਰੀ ਤਰੁਨਪ੍ਰੀਤ ਸਿੰਘ ਸੌਂਦ, ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ, ਸ੍ਰੀ ਜੀਵਨ ਸਿੰਘ ਸੰਗੋਵਾਲ, ਸ੍ਰੀ ਹਰਦੀਪ ਸਿੰਘ ਮੁੰਡੀਆਂ ਅਤੇ ਸ੍ਰੀ ਹਾਕਮ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ।

ਸ਼ਹੀਦ ਨੂੰ ਫੁੱਲ ਮਾਲਾਵਾਂ ਭੇਂਟ ਕਰਨ ਉਪਰੰਤ ਸ੍ਰੀ ਬੈਂਸ ਨੇ ਕਿਹਾ ਕਿ ਸ਼ਹੀਦ ਸੁਖਦੇਵ ਜੀ ਇੱਕ ਮਹਾਨ ਕ੍ਰਾਂਤੀਕਾਰੀ ਸਨ, ਜਿਨਾਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਜ਼ਾਦੀ ਸੰਘਰਸ਼ ਵਿੱਚ ਅਹਿਮ ਰੋਲ ਅਦਾ ਕੀਤਾ। ਉਨ੍ਹਾਂ ਦਾ ਜਨਮ 15 ਮਈ, 1907 ਲੁਧਿਆਣਾ ਸ਼ਹਿਰ ਦੇ ਨੌਘਰਾਂ ਮੁਹੱਲੇ ਵਿੱਚ ਆਪਣੇ ਜੱਦੀ ਘਰ ਵਿੱਚ ਹੋਇਆ।

ਸ਼ਹੀਦ ਸੁਖਦੇਵ ਜੀ ਦੇਸ਼ ਦੇ ਉਨਾਂ ਮਹਾਨ ਯੋਧਿਆਂ ਵਿੱਚ ਇੱਕ ਸੀ, ਜਿਨਾਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਉਨਾਂ ਆਪਣੇ ਬਚਪਨ ਤੋਂ ਹੀ ਅੰਗਰੇਜ਼ ਹਾਕਮਾਂ ਵੱਲੋਂ ਭਾਰਤੀਆਂ ’ਤੇ ਕੀਤੇ ਜਾਂਦੇ ਜੁਲਮਾਂ ਨੂੰ ਅੱਖੀਂ ਦੇਖਿਆ ਸੀ, ਜਿਸ ਕਾਰਨ ਉਹ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਿਲ ਹੋਏ ਅਤੇ ਦੇਸ਼ ਨੂੰ ਅੰਗਰੇਜ਼ੀ ਸਾਮਰਾਜ ਤੋਂ ਮੁਕਤ ਕਰਵਾਉਣ ਦਾ ਪ੍ਰਣ ਲਿਆ।

ਸ੍ਰੀ ਬੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚੋਂ ਸਮਾਜਿਕ ਕੁਰੀਤੀਆਂ ਨੂੰ ਬਾਹਰ ਸੁੱਟਣ ਲਈ ਅੱਗੇ ਆਉਣ, ਜੋ ਕਿ ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਦਿਹਾੜੇ ਇਸ ਲਈ ਮਨਾਏ ਜਾਂਦੇ ਹਨ, ਤਾਂ ਜੋ ਲੋਕ ਖਾਸ ਕਰਕੇ ਨੌਜਵਾਨ ਵਰਗ ਦੇਸ਼ ਭਗਤੀ ਦੀ ਭਾਵਨਾ ਗ੍ਰਹਿਣ ਕਰ ਸਕੇ।

ਇਸ ਤੋ ਪਹਿਲਾਂ  ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸਥਿਤ ਸ਼ਹੀਦ ਸੁਖਦੇਵ ਦੇ ਜੱਦੀ ਘਰ ਮੁਹੱਲਾ ਨੌਘਰਾਂ ਜਾ ਕੇ ਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਪ੍ਰਬੰਧਕ ਕਮੇਟੀ ਵੱਲੋ ਕਰਵਾਏ ਜਾ ਰਹੇ ਹਵਨ ਸਮਾਗਮ ਵਿੱਚ ਵੀ ਸ਼ਮੂਲੀਅਤ ਕੀਤੀ।ਇਸ ਉਪਰੰਤ ਸ੍ਰੀ ਹਰਜੋਤ ਸਿੰਘ ਬੈਂਸ ਨੂੰ ਲੁਧਿਆਣਾ ਪੁਲਿਸ ਦੀ ਟੁਕੜੀ ਵੱਲੋ ਗਾਰਡ ਆਫ ਆਨਰ ਵੀ ਗੁਰੂ ਨਾਨਕ ਦੇਵ ਭਵਨ ਵਿਖੇ ਦਿੱਤਾ ਗਿਆ।

 

Facebook Comments

Trending

Copyright © 2020 Ludhiana Live Media - All Rights Reserved.