ਪੰਜਾਬ ਨਿਊਜ਼

ਸਿੱਖਿਆ ਸਾਡੀ ਸਰਕਾਰ ਦਾ ਤਰਜੀਹੀ ਵਿਸ਼ਾ ਤੇ ਇਸ ਦੇ ਬਜਟ ’ਚ ਹੋਵੇਗਾ ਵਾਧਾ : ਮੀਤ ਹੇਅਰ

Published

on

ਚੰਡੀਗੜ੍ਹ : ਪੰਜਾਬ ਦੇ ਨਵੇਂ ਬਣੇ ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਆਪਣੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਸੂਬੇ ਦੇ ਭਵਿੱਖ ਤੇ ਨੌਜਵਾਨੀ ਨਾਲ ਜੁੜੇ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿੱਖਿਆ ਖੇਤਰ ’ਚ ਬੁਲੰਦੀਆਂ ਉੱਤੇ ਲਿਜਾਣਾ ਸਭ ਤੋਂ ਵੱਡੀ ਚੁਣੌਤੀ ਹੈ ਤੇ ਇਸ ਨੂੰ ਪੂਰਾ ਕਰਨ ਲਈ ਉਹ ਆਪਣਾ ਪੂਰਾ ਜੀਅ-ਜਾਨ ਲਾ ਦੇਣਗੇ।

ਇਸ ਮੌਕੇ ਗੱਲਬਾਤ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਸਿੱਖਿਆ ਸਾਡੀ ਸਰਕਾਰ ਦਾ ਤਰਜੀਹੀ ਵਿਸ਼ਾ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ’ਚ ਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਕੀਤੇ ਇਨਕਲਾਬੀ ਸੁਧਾਰਾਂ ਨੂੰ ਆਧਾਰ ਬਣਾ ਕੇ ਪੰਜਾਬ ’ਚ ਚੋਣਾਂ ਲੜੀਆਂ ਗਈਆਂ ਤੇ ਦਿੱਲੀ ਵਾਲਾ ਸਿੱਖਿਆ ਮਾਡਲ ਪੰਜਾਬ ’ਚ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ, ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਸਾਡੀ ਪਾਰਟੀ ਨੂੰ ਵੱਡਾ ਫ਼ਤਵਾ ਦੇ ਕੇ ਸੂਬੇ ਦੀ ਸੇਵਾ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਬਜਟ ’ਚ ਵਾਧਾ ਕੀਤਾ ਜਾਵੇਗਾ ਅਤੇ ਸੂਬੇ ’ਚ ਬਿਹਤਰ ਸਿੱਖਿਆ ਢਾਂਚਾ ਖੜ੍ਹਾ ਕੀਤਾ ਜਾਵੇਗਾ।

ਨਵੇਂ ਖੇਡ ਮੰਤਰੀ ਮੀਤ ਹੇਅਰ ਵੱਲੋਂ ਖੇਡਾਂ ’ਚ ਪੰਜਾਬ ਦੀ ਗੁਆਚੀ ਸ਼ਾਨ ਨੂੰ ਮੁੜ ਬਹਾਲ ਕਰਨ ਦਾ ਵੀ ਤਹੱਈਆ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੋਈ ਵੇਲਾ ਸੀ, ਜਦੋਂ ਏਸ਼ੀਆਈ/ਰਾਸ਼ਟਰਮੰਡਲ ਖੇਡਾਂ ’ਚ ਭਾਰਤ ਵੱਲੋਂ ਜਿੱਤੇ ਜਾਂਦੇ ਤਮਗਿਆਂ ’ਚੋਂ ਅੱਧ ਤੋਂ ਵੱਧ ਤਮਗੇ ਪੰਜਾਬ ਦੇ ਖਿਡਾਰੀਆਂ ਦੇ ਹਿੱਸੇ ਆਉਂਦੇ ਸਨ ਪਰ ਹੌਲੀ-ਹੌਲੀ ਪੰਜਾਬ ਦਾ ਯੋਗਦਾਨ ਘਟਦਾ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਖੇਡਾਂ ਦੇ ਖੇਤਰ ’ਚ ਸਿਖਰ ਉੱਤੇ ਲਿਜਾਣ ਲਈ ਵਿਆਪਕ ਤੇ ਕਾਰਗਰ ਖੇਡ ਨੀਤੀ ਬਣਾਈ ਜਾਵੇਗੀ।

ਇਸ ਉਪਰੰਤ ਕੈਬਨਿਟ ਮੰਤਰੀ ਮੀਤ ਹੇਅਰ ਨੇ ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਦੇ ਉੱਚ ਅਫ਼ਸਰਾਂ ਨਾਲ ਮੁਲਾਕਾਤ ਕਰ ਕੇ ਤਿੰਨਾਂ ਵਿਭਾਗਾਂ ਦੀ ਜਾਣ-ਪਛਾਣ ਮੀਟਿੰਗ ਕੀਤੀ। ਵਿਭਾਗ ਦੇ ਕੰਮਕਾਜ ਅਤੇ ਰੂਪ-ਰੇਖਾ ਉੱਤੇ ਵਿਚਾਰਾਂ ਕੀਤੀਆਂ। ਮੀਟਿੰਗ ’ਚ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਕ੍ਰਿਸ਼ਨ ਕੁਮਾਰ, ਸਕੱਤਰ ਸਕੂਲ ਸਿੱਖਿਆ ਤੇ ਖੇਡਾਂ ਅਜੋਏ ਸ਼ਰਮਾ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਅਗਰਵਾਲ, ਡਾਇਰੈਕਟਰ ਖੇਡਾਂ ਪਰਮਿੰਦਰ ਪਾਲ ਸਿੰਘ, ਡੀ. ਪੀ. ਆਈ. (ਕਾਲਜਾਂ) ਉਪਕਾਰ ਸਿੰਘ ਤੇ ਡੀ. ਪੀ. ਆਈ. (ਸੈਕੰਡਰੀ ਸਿੱਖਿਆ) ਸੁਖਜੀਤ ਪਾਲ ਸਿੰਘ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.