ਲੁਧਿਆਣਾ : ਆਕਸਫੋਰਡ ਬਰੂਕੇਸ ਯੂਨੀਵਰਸਿਟੀ ਬਰਤਾਨੀਆਂ ਵਿੱਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਅਤੇ ਪੰਜਾਬ ਦੇ ਮੂਲ ਨਿਵਾਸੀ ਪ੍ਰੋ. ਪ੍ਰੀਤਮ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਪੀ.ਏ.ਯੂ. ਵਿੱਚ ਆਏ | ਇਸ ਦੌਰਾਨ ਉਹਨਾਂ ਨੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ | ਪ੍ਰੋ. ਪ੍ਰੀਤਮ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਆਕਸਫੋਰਡ ਯੂਨੀਵਰਸਿਟੀ ਦੇ ਵੂਡਸਨ ਕਾਲਜ ਵਿੱਚ ਗੁਰੂ ਨਾਨਕ ਪੋਸਟ ਡਾਕਰਲ ਜੂਨੀਅਰ ਖੋਜ ਫੈਲੋ
ਸ਼ਿਪ ਦੀ ਸਥਾਪਨਾ ਹੋ ਰਹੀ ਹੈ |
ਪ੍ਰੋ. ਪ੍ਰੀਤਮ ਸਿੰਘ ਗਿੱਲ ਇਸ ਮੌਕੇ ਬੋਲਦਿਆਂ ਦੱਸਿਆ ਕਿ ਬੀਤੇ ਕੁਝ ਸਾਲਾਂ ਵਿੱਚ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੀਆਂ ਸਿਖਿਆਵਾਂ ਅਤੇ ਗੁਰੂ ਗ੍ਰੰਥ ਸਾਹਿਬ ਬਾਰੇ ਅਥਾਹ ਵਿਸ਼ਵਾਸ਼ ਪੈਦਾ ਹੋਇਆ ਹੈ | ਉਹਨਾਂ ਮਹਿਸੂਸ ਕੀਤਾ ਕਿ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਧਰਮ ਦੇ ਮਾਨਵਤਾਵਾਦੀ ਫਲਸਫੇ ਨੂੰ ਸਾਰੀ ਦੁਨੀਆਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ, ਇਸ ਲਈ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਹੋਰ ਜਾਨਣ ਦੇ ਉਦੇਸ਼ ਨਾਲ ਇਸ ਜੂਨੀਅਰ ਖੋਜ ਫੈਲੋਸ਼ਿਪ ਦੀ ਸਥਾਪਨਾ ਕਰਨ ਦਾ ਸੋਚਿਆ |
ਉਹਨਾਂ ਕਿਹਾ ਕਿ ਪੱਛਮ ਦੀਆਂ ਕਰੀਬਨ ਸਾਰੀਆਂ ਯੂਨੀਵਰਸਿਟੀਆਂ ਵਿੱਚ ਸੰਸਾਰ ਦੇ ਧਰਮਾਂ ਸੰਬੰਧੀ ਖੋਜ ਹੋ ਰਹੀ ਹੈ | ਉਹਨਾਂ ਦੀ ਦਿਲੀ ਇੱਛਾ ਹੈ ਕਿ ਆਕਸਫੋਰਡ ਵਿੱਚ ਸਿੱਖ ਵਿਦਵਤਾ ਦਾ ਚਾਨਣ ਫੈਲੇ | ਇਸ ਮੰਤਵ ਲਈ ਉਹਨਾਂ ਨੇ ਪੀ ਐੱਚ ਡੀ ਕਰਨ ਤੋਂ ਬਾਅਦ ਤਿੰਨ ਸਾਲ ਦੇ ਅਰਸੇ ਲਈ ਇਸ ਫੈਲੋਸ਼ਿਪ ਦੀ ਤਜ਼ਵੀਜ਼ ਰੱਖੀ ਹੈ | ਆਉਂਦੇ ਦਿਨਾਂ ਵਿੱਚ ਇਸ ਖੋਜ ਰਾਹੀਂ ਪੂਰੀ ਦੁਨੀਆਂ ਅਤੇ ਵਿਸ਼ੇਸ਼ਕਰ ਪੰਜਾਬ ਦੀਆਂ ਯੂਨੀਵਰਸਿਟੀਆਂ ਨਾਲ ਅਕਾਦਮਿਕ ਤਬਾਦਲੇ ਦੀਆਂ ਕੋਸ਼ਿਸ਼ਾਂ ਕੀਤੀਆ ਜਾਣਗੀਆਂ |
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਅਜਿਹੀ ਖੋਜ ਫੈਲੋਸ਼ਿਪ ਦੀ ਸਥਾਪਤੀ ਨੂੰ ਬੇਹੱਦ ਸ਼ੁਭ ਸ਼ਗਨ ਕਿਹਾ | ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਕੇਵਲ ਪੰਜਾਬ ਜਾਂ ਭਾਰਤ ਦੇ ਲੋਕਾਂ ਲਈ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੇ ਲੋਕਾਂ ਲਈ ਬਰਾਬਰੀ, ਸਾਂਝੀਵਾਲਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ | ਇਸ ਸੰਦੇਸ਼ ਨੂੰ ਪੂਰੀ ਦੁਨੀਆਂ ਤੱਕ ਪਹੁੰਚਾਉਣ ਦਾ ਕਾਰਜ ਬਿਨਾਂ ਸ਼ੱਕ ਨਵੇਂ ਸਿੱਖ ਵਿਦਵਾਨ ਕਰਨਗੇ | ਡਾ. ਗੋਸਲ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਤਾਂ ਕਿਰਤ ਦਾ ਸੰਦੇਸ਼ ਦੇ ਕੇ ਖੇਤੀ ਨੂੰ ਸੰਸਾਰ ਦੇ ਸਭ ਤੋਂ ਪਵਿੱਤਰ ਕਿੱਤਿਆਂ ਵਿੱਚ ਗਿਣਿਆ ਇਸਲਈ ਇਸ ਫੈਲੋਸ਼ਿਪ ਦਾ ਗਠਨ ਉਹਨਾਂ ਦੇ ਪੂਰਨਿਆਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਹੋਵੇਗਾ |