Connect with us

ਪੰਜਾਬੀ

ਡਾ. ਮਹਿੰਦਰ ਸਿੰਘ ਰੰਧਾਵਾ ਦੀ ਯਾਦ ‘ਚ ਕਰਵਾਇਆ ਪੁਸਤਕ ਮੇਲਾ

Published

on

Dr. A book fair organized in memory of Mahendra Singh Randhawa
ਲੁਧਿਆਣਾ :  ਪੀ.ਏ.ਯੂ. ਦੀ ਲਾਇਬ੍ਰੇਰੀ ਵਿੱਚ ਸਾਬਕਾ ਵਾਈਸ ਚਾਂਸਲਰ ਅਤੇ ਪੰਜਾਬ ਦੇ ਪ੍ਰਸਿੱਧ ਚਿੰਤਕ ਡਾ. ਮਹਿੰਦਰ ਸਿੰਘ ਰੰਧਾਵਾ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਪੁਸਤਕ ਮੇਲਾ ਕਰਵਾਇਆ ਗਿਆ |ਇਸ ਮੇਲੇ ਵਿੱਚ ਭਾਰਤ ਦੇ ਪ੍ਰਸਿੱਧ ਪ੍ਰਕਾਸ਼ਕਾਂ ਅਤੇ ਪੁਸਤਕ ਵਿਕ੍ਰੇਤਾਵਾਂ ਨੇ ਆਪਣੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ | ਇਸ ਮੇਲੇ ਦਾ ਉਦਘਾਟਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤਾ |
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਅੱਜ ਸੂਚਨਾ ਤਕਨਾਲੋਜੀ ਦੇ ਯੁੱਗ ਦੇ ਬਾਵਜੂਦ ਕਿਤਾਬ ਮਨੁੱਖ ਦਾ ਸਭ ਤੋਂ ਬਿਹਤਰੀਨ ਦੋਸਤ ਹੈ | ਉਹਨਾਂ ਕਿਹਾ ਕਿ ਸਦੀਆਂ ਦਾ ਗਿਆਨ ਇਹਨਾਂ ਕਿਤਾਬਾਂ ਦੇ ਮਾਧਿਅਮ ਰਾਹੀਂ ਪੜ੍ਹਨ ਵਾਲੇ ਤੱਕ ਪਹੁੰਚਦਾ ਹੈ ਇਸਲਈ ਇਹਨਾਂ ਕਿਤਾਬਾਂ ਨੂੰ ਅਕਾਦਮਿਕ ਪਾਠਕ੍ਰਮ ਤੋਂ ਬਿਨਾਂ ਮਨੁੱਖੀ ਸ਼ਖਸੀਅਤ ਦੇ ਵਿਕਾਸ ਲਈ ਵੀ ਪੜ੍ਹਨਾ ਚਾਹੀਦਾ ਹੈ |
 ਡਾ. ਗੋਸਲ ਨੇ ਕਿਹਾ ਕਿ ਡਾ. ਮਹਿੰਦਰ ਸਿੰਘ ਰੰਧਾਵਾ ਦੇ ਜਨਮਦਿਨ ਨਾਲ ਜੋੜ ਕੇ ਇਸ ਪੁਸਤਕ ਮੇਲੇ ਦਾ ਆਯੋਜਨ ਹੋਰ ਵੀ ਮਾਣ ਵਾਲੀ ਗੱਲ ਹੈ | ਉਹਨਾਂ ਡਾ. ਰੰਧਾਵਾ ਨੂੰ ਬਹੁਪੱਖੀ ਸ਼ਖਸੀਅਤ ਕਿਹਾ ਜਿਨ੍ਹਾਂ ਨੇ ਪੰਜਾਬ ਦੀ ਉਸਾਰੀ ਦਾ ਸੁਪਨਾ ਸਕਾਰ ਕੀਤਾ | ਉਹਨਾਂ ਕਿਹਾ ਕਿ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਡਾ. ਰੰਧਾਵਾ ਇਸ ਸੰਸਥਾ ਵਿੱਚ ਵਾਈਸ ਚਾਂਸਲਰ ਵਜੋਂ ਕਾਰਜਸ਼ੀਲ ਰਹੇ ਹਨ |
ਡਾ. ਗੋਸਲ ਨੇ ਡਾ. ਰੰਧਾਵਾ ਨੂੰ ਖੇਤੀ ਵਿਗਿਆਨ ਦੇ ਨਾਲ-ਨਾਲ ਸੱਭਿਆਚਾਰ ਦਾ ਅਥੱਕ ਕਾਮਾ ਕਿਹਾ | ਉਹਨਾਂ ਨੇ ਪੀ.ਏ.ਯੂ. ਦੇ ਪੇਂਡੂ ਜੀਵਨ ਅਜਾਇਬ ਘਰ ਨੂੰ ਡਾ. ਰੰਧਾਵਾ ਦੀ ਅਣਮੁੱਲੀ ਦੇਣ ਕਿਹਾ | ਨਾਲ ਹੀ ਵਾਈਸ ਚਾਂਸਲਰ ਨੇ ਪੀ.ਏ.ਯੂ. ਕਲੀਨ ਅਤੇ ਗਰੀਨ ਮੁਹਿੰਮ ਨੂੰ ਡਾ. ਰੰਧਾਵਾ ਦੇ ਉਦੇਸ਼ਾਂ ਨੂੰ ਅਗਾਂਹ ਤੋਰਨ ਵਾਲੀ ਵੀ ਕਿਹਾ |ਇਸ ਮੌਕੇ ਡਾ. ਮਹਿੰਦਰ ਸਿੰਘ ਰੰਧਾਵਾ ਦੀ ਪੰਜਾਬ ਨੂੰ ਦੇਣ ਬਾਰੇ ਇੱਕ ਵਿਸ਼ੇਸ਼ ਭਾਸ਼ਣ ਡਾ. ਜਗਵਿੰਦਰ ਸਿੰਘ ਨੇ ਦਿੱਤਾ |
 ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿਸਟਰਾਰ ਡਾ. ਸ਼ੰਮੀ ਕਪੂਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪੀ.ਕੇ. ਛੁਨੇਜਾ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ, ਡਾ. ਕਿਰਨਜੋਤ ਕੌਰ ਸਿੱਧੂ, ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਅਤੇ ਪੀ.ਏ.ਯੂ. ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ ਵੀ ਮੌਜੂਦ ਸਨ |

Facebook Comments

Trending