ਪੰਜਾਬੀ
ਪੰਜਾਬ ਦੀਆਂ ਸਮੂਹ ਐਨ.ਜੀ.ਓ ਨੂੰ ਗ੍ਰਾਂਟਾਂ ਦੀ ਕੀਤੀ ਵੰਡ
Published
2 years agoon

ਲੁਧਿਆਣਾ : ਡਾ. ਬਲਜੀਤ ਕੌਰ, ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ, ਪੰਜਾਬ ਵੱਲੋ ਸਥਾਨਕ ਬੱਚਤ ਭਵਨ ਲੁਧਿਆਣਾ ਵਿਖੇ ਪੰਜਾਬ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ (ਐਨ.ਜੀ.ਓ) ਨੂੰ ਪੀ.ਐਮ 6 ਸਕੀਮ ਅਧੀਨ ਜੋ ਸਮਾਜ ਲਈ ਬਿਹਤਰ ਕੰਮ ਕਰ ਰਹੀਆਂ ਹਨ, ਨੂੰ ਉਤਸ਼ਾਹਿਤ ਕਰਨ ਦੇ ਤੌਰ ਤੇ ਗ੍ਰਾਂਟ ਦਿੱਤੀ ਗਈ ਅਤੇ ਉਨ੍ਹਾਂ ਨਾਲ ਮੀਟਿੰਗ ਕਰਕੇ ਸਮਾਜ ਦੀ ਬਿਹਤਰੀ ਲਈ ਹੋਰ ਅੱਗੇ ਤੋ ਵੱਧ ਚੜ੍ਹ ਕੇ ਕੰਮ ਕਰਨ ਨੂੰ ਉਤਸ਼ਾਹਿਤ ਵੀ ਕੀਤਾ ਗਿਆ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਐਨ.ਜੀ.ਓ ਨੂੰ ਲਿਖਤੀ ਤੌਰ ਤੇ ਮੰਗ ਕਰਨ ਤੇ ਪਿਛਲੀਆਂ ਸਰਕਾਰਾਂ ਵੱਲੋ ਜੋ ਗ੍ਰਾਂਟਾਂ ਦਿੱਤੀਆਂ ਗਈਆਂ ਹਨ, ਉਸ ਸਿਸਟਮ ਨੂੰ ਸਾਡੇ ਵੱਲੋ ਬਿਲਕੁਲ ਤੌਰ ਤੇ ਬੰਦ ਕੀਤਾ ਗਿਆ ਹੈ। ਹੁਣ ਸਮਾਜ ਸੇਵੀ ਸੰਸਥਾਵਾਂ ਦੀ ਇੰਟਰਵਿਊ ਕਰਕੇ ਹੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਮਾਜ ਸੇਵੀ ਸੰਸਥਾਵਾਂ ਇਸ ਤੋ ਬਾਅਦ ਇਹ ਪ੍ਰਾਪਤ ਹੋਈ ਗ੍ਰਾਂਟ ਤੇ ਕੀ ਕੰਮ ਕਰਦੇ ਹਨ, ਉਸ ਦੀ ਦੇਖ-ਰੇਖ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਕਰੇਗਾ।
ਉਨ੍ਹਾਂ ਕਿਹਾ ਕਿ ਇਹ ਦਿੱਤੀ ਗਈ ਗ੍ਰਾਂਟ ਦੀ ਵਿਭਾਗ ਵੱਲੋ ਮਹੀਨਾਵਾਰ ਜਾ ਫਿਰ ਅਧਿਕਾਰੀਆਂ ਵੱਲੋ ਦੌਰਾ ਕਰਕੇ ਇਸ ਦੀ ਚੈਕਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਗ੍ਰਾਂਟਾਂ ਦੀ ਦੇਖ-ਰੇਖ ਕਰਕੇ ਹੀ ਅੱਗੇ ਸਮਾਜ ਸੇਵੀ ਸੰਸਥਾਵਾਂ ਨੂੰ ਦੁਬਾਰਾ ਤੋ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਵਿਭਾਗ ਦੀ ਪਾਲਿਸੀ ਅਨੁਸਾਰ ਕੰਮ ਨਾ ਹੋਣ ਦੀ ਸੂਰਤ ਵਿੱਚ ਕਾਨੂੰਨੀ ਤੌਰ ਤੇ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਸੰਸਥਾਵਾਂ ਵੱਲੋ ਇਹ ਗ੍ਰਾਂਟ ਲੋਕਾਂ ਦੀ ਭਲਾਈ ਦੀ ਥਾਂ ਤੇ ਕਿਸੇ ਰਾਜਨੀਤਿਕ ਕੰਮ ਲਈ ਵਰਤੀਆਂ ਗਈਆਂ ਤਾਂ ਉਸ ਐਨ.ਜੀ.ਓ ਤੇ ਤੁਰੰਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।