ਪੰਜਾਬੀ

ਵੈਟਰਨਰੀ ਯੂਨੀਵਰਸਿਟੀ ਦੇ ਵਕਾਰ ਨੂੰ ਢਾਹ ਲਾਉਣ ਵਾਲੇ ਬਿਆਨਾਂ ਪ੍ਰਤੀ ਭਰਮ ਦੂਰ ਕੀਤੇ

Published

on

ਲੁਧਿਆਣਾ : -ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਯੂਨੀਵਰਸਿਟੀ ਦੇ ਵਕਾਰ ਨੂੰ ਢਾਹ ਲਾਉਣ ਵਾਲੇ ਬਿਆਨਾਂ ਪ੍ਰਤੀ ਭਰਮ ਦੂਰ ਕੀਤੇ ਗਏ। ਯੂਨੀਵਰਸਿਟੀ ਵਿਖੇ ਬੀ. ਵੀ. ਐਸ. ਸੀ. ਕੋਰਸ ਵਿਚ ਪੜ੍ਹਦੇ ਰਹੇ ਤੀਸਰੇ ਸਾਲ ਦੇ ਗ਼ੈਰ-ਨਿਵਾਸੀ ਭਾਰਤੀ ਅਜੇਦੀਪ ਸਿੰਘ ਖੋਸਾ ਦੇ ਅਜਿਹੇ ਯਤਨਾਂ ਬਾਰੇ ਕਾਨਫਰੰਸ ਵਿਚ ਜਾਣਕਾਰੀ ਦਿੱਤੀ ਗਈ।

ਪ੍ਰੈਸ ਕਾਨਫਰੰਸ ਵਿਚ ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਵੈਟਰਨਰੀ ਯੂਨੀਵਰਸਿਟੀ, ਡਾ. ਸਰਵਪ੍ਰੀਤ ਸਿੰਘ ਘੁੰਮਣ ਡੀਨ ਵੈਟਰਨਰੀ ਸਾਇੰਸ ਕਾਲਜ ਅਤੇ ਯੂਨੀਵਰਸਿਟੀ ਦੇ ਵਿਭਿੰਨ ਅਧਿਕਾਰੀ ਮੌਜੂਦ ਸਨ। ਸ਼੍ਰੀ ਖੋਸਾ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੂੰ ਜਾਣ ਬੁੱਝ ਕੇ ਫੇਲ੍ਹ ਕੀਤਾ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਦੱਸਿਆ ਕਿ ਉਨ੍ਹਾਂ ਨੂੰ ਸਮਾਂ ਕਾਲ 1 ਫਰਵਰੀ 2021 ਤੋਂ 6 ਅਗਸਤ 2021 ਦੌਰਾਨ ਵੈਟਰਨਰੀ ਕਾਊਸਲ ਆਫ ਇੰਡੀਆ ਦੇ ਨਿਯਮਾਂ ਤਹਿਤ ਅੰਦਰੂਨੀ ਅਤੇ ਬਾਹਰੀ ਪ੍ਰੀਖਿਆਕਾਰਾਂ ਅਧੀਨ ਪ੍ਰੀਖਿਆ ਦੇ ਕਈ ਮੌਕੇ ਦਿੱਤੇ ਗਏ।

ਸ਼੍ਰੀ ਖੋਸਾ ਆਪਣੇ ਇਕ ਕੋਰਸ ਨੂੰ ਪਾਸ ਕਰਨ ਵਿਚ ਸਫ਼ਲ ਨਹੀਂ ਹੋਏ ਜਿਸ ਲਈ ਉਨ੍ਹਾਂ ਨੂੰ ਕੰਪਾਰਟਮੈਂਟ ਪ੍ਰੀਖਿਆ ਦਾ ਮੌਕਾ ਦਿੱਤਾ ਗਿਆ, ਉਸ ਵਿਚ ਵੀ ਉਹ ਅਸਫ਼ਲ ਰਹੇ। ਕੋਰੋਨਾ ਕਾਰਨ ਯੂਨੀਵਰਸਿਟੀ ਵਲੋਂ ਕੰਪਾਰਟਮੈਂਟ ਪ੍ਰੀਖਿਆ ਲਈ ਇਕ ਹੋਰ ਵਿਸ਼ੇਸ਼ ਮੌਕਾ ਦਿੱਤਾ ਗਿਆ ਪਰ ਉਸ ਵਿਚ ਵੀ ਉਹ ਸਫ਼ਲਤਾ ਨਹੀਂ ਲੈ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਖੇ ਕੇਸ ਵੀ ਕੀਤਾ ਜਿਸ ਵਿਚ ਸਿੰਗਲ ਬੈਂਚ ਅਤੇ ਡਬਲ ਬੈਂਚ ਨੇ ਦਸੰਬਰ 2021 ਵਿਚ ਅਪੀਲ ਯੋਗਤਾ ਤੋਂ ਰਹਿਤ ਹੈ ਅਤੇ ਇਸ ਵਿਚ ਕੋਈ ਅਜਿਹਾ ਤੱਥ ਨਹੀਂ ਮਿਲਿਆ ਜੋ ਅਪੀਲਕਰਤਿਆਂ ਵਲੋਂ ਦਿੱਤੇ ਗਏ ਤਰਕਾਂ ਨੂੰ ਪ੍ਰਮਾਣਿਤ ਕਰ ਸਕੇ ਦੀ ਟਿੱਪਣੀ ਨਾਲ ਇਹ ਕੇਸ ਰੱਦ ਕਰ ਦਿੱਤਾ।

ਅਦਾਲਤ ਦੇ ਨਿਰਣੇ ਤੋਂ ਬਾਅਦ ਸ਼੍ਰੀ ਖੋਸਾ ਨੇ ਵੈਟਰਨਰੀ ਕਾਊਸਲ ਆਫ ਇੰਡੀਆ ਦੇ ਨਿਯਮਾਂ ਮੁਤਾਬਿਕ ਪੜ੍ਹਾਈ ਜਾਰੀ ਰੱਖਣ ਲਈ ਆਪਣਾ ਨਾਂ ਤੀਸਰੇ ਵਰ੍ਹੇ ਦੇ ਕੋਰਸ ਵਿਚ ਦੁਬਾਰਾ ਰਜਿਸਟਰ ਨਹੀਂ ਕਰਵਾਇਆ ਅਤੇ ਯੂਨੀਵਰਸਿਟੀ ‘ਤੇ ਵੱਖ-ਵੱਖ ਢੰਗਾਂ ਨਾਲ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਸਨੂੰ ਤੀਸਰੇ ਵਰ੍ਹੇ ਦੇ ਕੋਰਸ ਵਿਚੋਂ ਨਿਯਮਾਂ ਤੋਂ ਬਾਹਰ ਜਾਂਦੇ ਹੋਏ ਪਾਸ ਕਰ ਦਿੱਤਾ ਜਾਵੇ। ਸ਼੍ਰੀ ਖੋਸਾ ਆਪਣੀ ਕਲਾਸ ਦੇ 94 ਵਿਦਿਆਰਥੀਆਂ ਵਿਚੋਂ ਵਿਦਿਅਕ ਰਿਕਾਰਡ ਮੁਤਾਬਿਕ ਅਖੀਰਲੇ ਨੰਬਰ ‘ਤੇ ਹੈ.ਇਸ ਦੇ ਨਾਲ ਹੀ ਯੂਨੀਵਰਸਿਟੀ ਵਿਖੇ ਬੀ. ਵੀ. ਐਸ. ਸੀ. ਦੀ ਡਿਗਰੀ ਕਰ ਰਹੇ ਪੰਜੇ ਸਾਲਾਂ ਦੇ 72 ਗ਼ੈਰ-ਨਿਵਾਸੀ ਭਾਰਤੀ ਵਿਦਿਆਰਥੀਆਂ ਵਿਚ ਵੀ ਉਹ ਸਭ ਤੋਂ ਪਿਛਲੇ ਨੰਬਰ ‘ਤੇ ਹੈ।

Facebook Comments

Trending

Copyright © 2020 Ludhiana Live Media - All Rights Reserved.